ਕੋਵਿਡ-19 ਬਾਰੇ ਦਿਸ਼ਾ-ਨਿਰਦੇਸ਼ ਨਾ ਮੰਨਣ ਵਾਲਿਆਂ ਨੂੰ MP ਵਰਿੰਦਰ ਸ਼ਰਮਾ ਨੇ ਕੀਤਾ ਸਾਵਧਾਨ

08/23/2020 12:10:44 AM

ਲੰਡਨ(ਰਾਜਵੀਰ ਸਮਰਾ)- ਕੋਵਿਡ-19 ਮਹਾਂਮਾਰੀ ਨੇ ਵਿਸ਼ਵ ਭਰ ਵਿਚ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇਥੇ ਹੀ ਬੱਸ ਨਹੀਂ ਇਸ ਬਿਮਾਰੀ ਦੀ ਰੋਕਥਾਮ ਲਈ ਅਜੇ ਤੱਕ ਕੋਈ ਤਸੱਲੀਬਖ਼ਸ਼ ਵੈਕਸੀਨ ਵੀ ਉਪਲੱਬਧ ਨਹੀਂ ਹੋ ਸਕੀ ਹੈ। ਸਾਊਥਾਲ ਈਲਿੰਗ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਇਕ ਪੱਤਰ ਜਾਰੀ ਕਰਦਿਆਂ ਸਿਹਤ ਮਾਹਿਰਾਂ ਅਤੇ ਸਰਕਾਰਾਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਨਾ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਹੈ।

ਵਰਿੰਦਰ ਸ਼ਰਮਾ ਨੇ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਰੋਨਾ ਵਾਇਰਸ ਮਹਾਂਮਾਰੀ ਕਮਜ਼ੋਰ, ਬਜ਼ੁਰਗਾਂ, ਭੂਰੀ ਅਤੇ ਕਾਲੀ ਚਮੜੀ ਵਾਲੇ ਲੋਕਾਂ ਨੂੰ ਦੂਜਿਆਂ ਲੋਕਾਂ ਨਾਲੋਂ ਵਧੇਰੇ ਤੇ ਆਸਾਨੀ ਨਾਲ ਮਾਰ ਸਕਦੀ ਹੈ। ਇਸ ਮਹਾਂਮਾਰੀ ਕਾਰਨ ਅਸੀਂ ਅਗਲੇ 6 ਮਹੀਨੇ, ਇਕ ਸਾਲ ਜਾਂ ਦੋ ਸਾਲ ਆਮ ਵਾਂਗ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਵਿਵਹਾਰ ਨਹੀਂ ਕਰ ਸਕਦੇ ਕਿ ਕੋਵਿਡ-19 ਨਹੀਂ ਹੈ, ਸਾਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਵੱਡੇ ਇਕੱਠ ਕਰਨ ਤੋਂ ਪਰਹੇਜ਼ ਕਰਨ ਲਈ ਆਖਿਆ ਤਾਂ ਕਿ ਹੋਰ ਜਾਨਾਂ ਬਚਾਈਆਂ ਜਾ ਸਕਣ। ਐੱਮ. ਪੀ. ਸ਼ਰਮਾ ਨੇ ਕਿਹਾ ਕਿ ਕੋਵਿਡ-19 ਕਾਰਨ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਲੱਖਾਂ ਜਾਨਾਂ ਜਾ ਚੁੱਕੀਆਂ ਹਨ, ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਐੱਮ.ਪੀ. ਵਰਿੰਦਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਸਿਹਤ ਮਾਹਿਰਾਂ ਵਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਨ ਦੀ ਲੋੜ ਹੈ ਤਾਂ ਕਿ ਖ਼ੁਦ ਅਤੇ ਹੋਰਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ |


Baljit Singh

Content Editor

Related News