ਹਰਜੀਤ ਸਿੰਘ ਸੱਜਣ ਦੇ ਸਮਰਥਨ ''ਚ ਆਏ ਕੈਨੇਡੀਅਨ ਐੱਮ. ਪੀ. ਰਾਜ ਗਰੇਵਾਲ

04/30/2017 12:53:56 PM

ਬਰੈਂਪਟਨ— ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਦੌਰਾਨ ਦਿੱਤੇ ਗਏ ਬਿਆਨ ''ਤੇ ਵਿਵਾਦ ਹੋਣ ਅਤੇ ਸੱਜਣ ਵੱਲੋਂ ਇਸ ਪੂਰੇ ਮਾਮਲੇ ''ਤੇ ਮੁਆਫੀ ਮੰਗੇ ਜਾਣ ਤੋਂ ਬਾਅਦ ਬਰੈਂਪਟਨ ਪੂਰਬੀ ਤੋਂ ਐੱਮ. ਪੀ. ਰਾਜ ਗਰੇਵਾਲ ਉਨ੍ਹਾਂ ਦੇ ਸਮਰਥਨ ਵਿਚ ਆ ਗਏ ਹਨ। ਗਰੇਵਾਲ ਨੇ ਸੱਜਣ ਦੀ ਆਲੋਚਨਾ ਕਰਨ ਵਾਲੇ ਸਾਰੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਉਹ ਸੱਜਣ ਦੀ ਆਲੋਚਨਾ ਕਰਨ ਵਾਲੇ ਸਾਰੇ ਲੋਕਾਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਇਕ ਦਿਨ ਵੀ ਉਨ੍ਹਾਂ ਵਾਂਗ ਬਿਤਾ ਕੇ ਦੇਖਣ। 
ਇੱਥੇ ਦੱਸ ਦੇਈਏ ਕਿ ਸੱਜਣ ਨੇ ਆਪਣੇ ਭਾਰਤ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁਦ ਨੂੰ ਅਫਗਾਨਿਸਤਾਨ ਵਿਚ ਕੀਤੇ ਗਏ ਵੱਡੇ ਫੌਜੀ ਆਪ੍ਰੇਸ਼ਨ ਦਾ ਕਰਤਾ-ਧਰਤਾ ਦੱਸਿਆ ਸੀ। ਸੱਜਣ ਨੇ ਕਿਹਾ ਸੀ ਕਿ ਅਫਗਾਨਿਸਤਾਨ ''ਚ ਫੌਜੀ ਆਪ੍ਰੇਸ਼ਨ ''ਮੈਡੂਸਾ'' ਦੇ ਆਰਕੀਟੈਕਟ ਉਹੀ ਸਨ ਪਰ ਜਦੋਂ ਕਿ ਸੱਚਾਈ ਸੀ ਕਿ ਇਸ ਆਪ੍ਰੇਸ਼ਨ ਦੀ ਰੂਪ-ਰੇਖਾ ਬ੍ਰਿਗੇਡੀਅਰ ਡੇਵਿਸ ਫਰਾਸਰ ਨੇ ਤਿਆਰ ਕੀਤੀ ਸੀ ਅਤੇ ਉਨ੍ਹਾਂ ਨੇ ''ਨਾਟੋ'' ਦੀ ਕਮਾਨ ਸੰਭਾਲੀ ਸੀ। ਸੱਜਣ ਦੇ ਬਿਆਨ ਤੋਂ ਬਾਅਦ ਕੁਝ ਸਾਬਕਾ ਫੌਜੀਆਂ ਨੇ ਇਸ ''ਤੇ ਇਤਰਾਜ ਪ੍ਰਗਟਾਵਾ ਕੀਤਾ ਸੀ ਅਤੇ ਕਿਹਾ ਸੀ ਕਿ ਸੱਜਣ ਇਕ ਇੰਟੈਲੀਜੈਂਸ ਅਫਸਰ ਦੇ ਤੌਰ ''ਤੇ ਨਿਯੁਕਤ ਸਨ ਪਰ ਉਨ੍ਹਾਂ ਵੱਲੋਂ ਕਿਹਾ ਜਾਣਾ ਕਿ ਉਹ ਇਸ ਆਪ੍ਰੇਸ਼ਨ ਦੇ ਕਰਤਾ-ਧਰਤਾ ਸਨ, ਸਾਫ ਝੂਠ ਹੈ ਅਤੇ ਅਪਮਾਨਜਨਕ ਹੈ। ਵਿਵਾਦ ਤੋਂ ਬਾਅਦ ਸੱਜਣ ਨੇ ਇਸ ਮੁੱਦੇ ''ਤੇ ਮੁਆਫੀ ਮੰਗਦੇ ਹੋਏ ਸਪੱਸ਼ਟੀਕਰਨ ਦਿੱਤਾ ਸੀ।

Kulvinder Mahi

This news is News Editor Kulvinder Mahi