ਮੋਜ਼ੰਬੀਕ 'ਚ ਤੂਫਾਨ ਕਾਰਨ 3 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ

04/27/2019 1:12:35 PM

ਮੋਜ਼ੰਬੀਕ— ਵੀਰਵਾਰ ਰਾਤ ਨੂੰ ਮੋਜ਼ੰਬੀਕ 'ਚ ਚੱਕਰਵਾਤੀ ਤੂਫਾਨ ਕੈਨੇਥ ਨੇ ਦਸਤਕ ਦਿੱਤੀ। ਇੱਥੇ 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਬਹੁਤ ਸਾਰੇ ਇਲਾਕਿਆਂ 'ਚ ਜ਼ਮੀਨ ਖਿਸਕਣ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੂੰ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। 

ਯੂਨੀਸੈਫ ਵਲੋਂ ਦੱਸਿਆ ਗਿਆ ਕਿ ਤੂਫਾਨ ਕਾਰਨ 16,776 ਲੋਕ ਪ੍ਰਭਾਵਿਤ ਹੋਏ ਹਨ। 3000 ਘਰਾਂ ਨੂੰ ਹਲਕਾ ਨੁਕਸਾਨ ਪੁੱਜਾ ਹੈ ਜਦ ਕਿ 450 ਘਰ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਈ ਘਰਾਂ ਦੀਆਂ ਛੱਤਾਂ ਹੀ ਉਡਾ ਕੇ ਲੈ ਗਈਆਂ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਥਾਵਾਂ 'ਤੇ ਬੱਤੀ ਗੁੱਲ ਹੋਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ।

ਪਿਛਲੇ ਮਹੀਨੇ ਇੱਥੇ ਇਦਾਈ ਤੂਫਾਨ ਨੇ ਦਸਤਕ ਦਿੱਤੀ ਸੀ ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਸੀ। ਇਸ ਮਗਰੋਂ ਦੇਸ਼ 'ਚ ਹੈਜੇ ਵਰਗੀਆਂ ਬੀਮਾਰੀਆਂ ਵਧ ਗਈਆਂ ਸਨ। ਲੋਕ ਇਸ ਦਰਦ 'ਚੋਂ ਅਜੇ ਨਿਕਲੇ ਹੀ ਨਹੀਂ ਸਨ ਕਿ ਇਕ ਹੋਰ ਆਫਤ ਮੰਡਰਾ ਰਹੀ ਹੈ। ਮੌਸਮ ਅਧਿਕਾਰੀਆਂ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇੱਥੇ ਅਜੇ ਕੁਝ ਹੋਰ ਦਿਨਾਂ ਲਈ ਮੌਸਮ ਬੇਹੱਦ ਖਰਾਬ ਰਹਿਣ ਵਾਲਾ ਹੈ।