ਟੋਰਾਂਟੋ ਦੇ ਸਕੂਲ ''ਚ ਪੁਲਸ ਨੇ 6 ਸਾਲਾ ਕੁੜੀ ਨੂੰ ਲਾਈਆਂ ਹੱਥਕੜੀਆਂ, ਮਾਂ ਨੇ ਮੰਗਿਆ ਜਵਾਬ

02/05/2017 1:00:31 PM

ਟੋਰਾਂਟੋ— ਟੋਰਾਂਟੋ ਦੇ ਇਕ ਸਕੂਲ ਵਿਚ ਸਤੰਬਰ ਵਿਚ 6 ਸਾਲਾ ਕੁੜੀਆਂ ਨੂੰ ਹੱਥਕੜੀਆਂ ਪਾਏ ਜਾਣ ਦੇ ਸੰਬੰਧ ਵਿਚ ਬੱਚੀ ਦੀ ਮਾਂ ਪੁਲਸ ਤੋਂ ਜਵਾਬ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਮਿਸੀਗਾਗਾ ਵਿਖੇ ਸਥਿਤ ਨਹਾਨੀ ਵੇਅ ਪਬਲਿਕ ਸਕੂਲ ਦੇ ਸਟਾਫ ਨੇ ਉਕਤ ਬੱਚੀ ਦੇ ਹਿੰਸਕ ਵਿਵਹਾਰ ਤੋਂ ਬਾਅਦ ਪੁਲਸ ਨੂੰ ਬੁਲਾ ਲਿਆ ਸੀ। ਪੁਲਸ ਨੇ ਕਿਹਾ ਕਿ ਬੱਚੀ ਨੂੰ ਹੱਥਕੜੀਆਂ ਪਹਿਨਾਉਣੀਆਂ ਬਹੁਤ ਜ਼ਰੂਰੀ ਸੀ ਨਹੀਂ ਤਾਂ ਉਹ ਖੁਦ ਨੂੰ ਜਾਂ ਫਿਰ ਦੂਜਿਆਂ ਨੂੰ ਨੁਕਸਾਨ ਪਹੁੰਚਾਅ ਸਕਦੀ ਸੀ। ਪੁਲਸ ਨੇ ਕਿਹਾ ਕਿ ਹੱਥਕੜੀਆਂ ਪਹਿਨਾਏ ਜਾਣ ਤੋਂ ਪਹਿਲਾਂ ਉਸ ਨੂੰ ਸ਼ਾਂਤ ਕਰਨ ਦੀਆਂ ਸਾਰੀਆਂ ਤਰਕੀਬਾਂ ਫੇਲ੍ਹ ਹੋ ਚੁੱਕੀਆਂ ਸਨ। 
ਲੜਕੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਬੱਚੀ ''ਤੇ ਲੋੜ ਤੋਂ ਵਧੇਰੇ ਬਲ ਦੀ ਵਰਤੋਂ ਕੀਤੀ ਗਈ। ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਕੰਮ ''ਤੇ ਸੀ ਜਦੋਂ ਉਸ ਨੂੰ ਪੁਲਸ ਦੀ ਕਾਲ ਆਈ ਕਿ ਤੁਹਾਡੀ ਬੱਚੇ ਉਨ੍ਹਾਂ ਕੋਲ ਹੈ ਅਤੇ ਸਾਨੂੰ ਉਸ ਨੂੰ ਹੱਥਕੜੀਆਂ ਪਹਿਨਾਉਣੀਆਂ ਪਈਆਂ। ਸਕੂਲ ਵਿਚ ਬੱਚਿਆਂ ਨੂੰ ਸਮਝਾਉਣ ਲਈ ਪੁਲਸ ਬੁਲਾਏ ਜਾਣ ਦੀ ਇਹ ਤੀਜੀ ਘਟਨਾ ਸੀ। ਇਸ ਸਕੂਲ ਦੇ ਖਿਲਾਫ ਇਕ ਅਫਰੀਕੀ-ਕੈਨੇਡੀਅਨ ਲੀਗਲ ਕਲੀਨਿਕ ਵਿਚ ਕਈ ਮਾਮਲੇ ਦਰਜ ਕੀਤੇ ਗਏ ਹਨ। ਬੱਚੀ ਦੀ ਮਾਂ ਨੇ ਕਿਹਾ ਕਿ ਜੇਕਰ ਉਹ ਅਫਰੀਕੀ ਮੂਲ ਦੀ ਕੈਨੇਡੀਅਨ ਬੱਚੀ ਨਹੀਂ ਹੁੰਦੀ ਤਾਂ ਉਸ ਨੂੰ ਇਸ ਤਰ੍ਹਾਂ ਹੱਥਕੜੀਆਂ ਨਾ ਪਹਿਨਾਈਆਂ ਜਾਂਦੀਆਂ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਨਸਲਵਾਦ ਤੋਂ ਪ੍ਰੇਰਿਤ ਨਹੀਂ ਸੀ ਅਤੇ ਇਸ ਤਰ੍ਹਾਂ ਸੋਚਣਾ ਉਨ੍ਹਾਂ ਦੇ ਪੇਸ਼ੇ ਨੂੰ ਸ਼ਰਮਸਾਰ ਕਰਨਾ ਹੈ। ਬੱਚੀ ਦੀ ਮਾਂ ਨੇ ਕਿਹਾ ਕਿ ਉਸ ਦੀ ਬੱਚੀ ਹੁਣ ਪੁਲਸ ਨੂੰ ਦੇਖ ਕੇ ਡਰ ਜਾਂਦੀ ਹੈ। ਘਟਨਾ ਤੋਂ ਬਾਅਦ ਬੱਚੀ ਨੂੰ ਦੂਜੇ ਸਕੂਲ ਵਿਚ ਦਾਖਲ ਕਰਵਾਇਆ ਗਿਆ।

Kulvinder Mahi

This news is News Editor Kulvinder Mahi