ਬੱਚਿਆਂ ਲਈ ਲੱਖਾਂ ਰੁਪਏ ਇਕੱਠੇ ਕਰਨ ਵਾਲੀ ਮਾਂ ਨੇ ਤੋੜਿਆ ਦਮ

12/23/2017 1:45:46 PM

ਲੰਡਨ— ਮੋਟਰ ਨਿਊਰਾਨ ਬੀਮਾਰੀ ਦੀ ਸ਼ਿਕਾਰ ਬ੍ਰਿਟੇਨ ਦੀ ਇਕ 34 ਸਾਲਾ ਔਰਤ ਸੈਮ ਕਿਮੀ ਦੀ ਵੀਰਵਾਰ ਨੂੰ ਮੌਤ ਹੋ ਗਈ ਪਰ ਇਸ ਤੋਂ ਪਹਿਲਾਂ ਉਸ ਨੇ ਆਨਲਾਈਨ ਕ੍ਰਾਊਡ ਫੰਡਿੰਗ ਰਾਹੀਂ 40 ਲੱਖ ਰੁਪਏ ਜੁਟਾ ਲਏ ਸਨ ਤਾਂ ਕਿ ਉਸ ਦੇ ਦੋਵੇਂ ਪੁੱਤ ਆਪਣੀ ਮਾਂ ਦੀ ਮੌਤ ਮਗਰੋਂ ਆਰਾਮ ਨਾਲ ਆਪਣੀ ਮਾਸੀ ਕੋਲ ਆਸਟਰੇਲੀਆ ਜਾ ਕੇ ਰਹਿ ਸਕਣ।


ਅਪ੍ਰੈਲ ਤੋਂ ਸੈਮ ਨੂੰ ਆਪਣੀ ਬੀਮਾਰੀ ਬਾਰੇ ਪਤਾ ਲੱਗ ਗਿਆ ਸੀ। ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਉਹ ਕੁੱਝ ਮਹੀਨਿਆਂ ਤਕ ਹੀ ਜਿਊਂਦੀ ਰਹੇਗੀ ਅਤੇ ਦੋ ਮਹੀਨੇ ਬਾਅਦ ਉਹ ਬੋਲਣਾ ਵੀ ਬੰਦ ਕਰ ਦੇਵੇਗੀ। ਇਸ ਮਗਰੋਂ ਸੈਮ ਨੇ ਕ੍ਰਾਊਡ ਫੰਡਿੰਗ ਵੈੱਬਸਾਈਟ ਰਾਹੀਂ ਪੈਸੇ ਇਕੱਠੇ ਕਰਨ ਦਾ ਫੈਸਲਾ ਲਿਆ। ਸਾਈਟ 'ਤੇ ਉਨ੍ਹਾਂ ਨੇ ਆਪਣੇ ਮੈਸਜ 'ਚ ਲਿਖਿਆ,''ਮੇਰਾ ਸਭ ਤੋਂ ਵੱਡਾ ਡਰ ਇਹ ਨਹੀਂ ਕਿ ਮੈਂ ਮਰ ਰਹੀ ਹਾਂ ਬਲਕਿ ਇਹ ਹੈ ਕਿ ਕੀ ਮੇਰੇ ਜਾਣ ਮਗਰੋਂ ਮੇਰੇ ਬੱਚੇ ਸਲਾਮਤ ਰਹਿਣਗੇ ਜਾਂ ਨਹੀਂ। ਹੁਣ ਸਾਈਟ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਉਸ ਦੇ ਸਸਕਾਰ, ਹਵਾਈ ਟਿਕਟ, ਬੱਚਿਆਂ ਦੀ ਸਕੂਲ ਫੀਸ ਦਾ ਭੁਗਤਾਨ ਹੋਵੇਗਾ।
ਆਸਟਰੇਲੀਆ 'ਚ ਰਹਿਣ ਵਾਲੀ ਬੱਚਿਆਂ ਦੀ ਮਾਸੀ ਪੀਪਾ ਹਿਊਜ ਮੁਤਾਬਕ ਵੀਰਵਾਰ ਨੂੰ ਸੈਮ ਦਾ ਦਿਹਾਂਤ ਹੋ ਗਿਆ। ਉਹ ਆਪਣੀ ਭੈਣ ਦੀ ਆਖਰੀ ਇੱਛਾ ਜ਼ਰੂਰ ਪੂਰੀ ਕਰੇਗੀ ਤੇ ਬੱਚਿਆਂ ਨੂੰ ਸੰਭਾਲੇਗੀ।