ਕੈਨੇਡਾ ''ਚ ਬਹੁਤੇ ਆਰਜ਼ੀ ਵਿਦੇਸ਼ੀ ਕਾਮੇ ਆਪਣੀ ਇਸ ਕਮੀ ਕਾਰਨ ਹੁੰਦੇ ਹਨ ਠੱਗੀ ਦਾ ਸ਼ਿਕਾਰ

08/22/2017 4:28:55 AM

ਟੋਰਾਂਟੋ— ਆਪਣੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਇਰਾਦੇ ਨਾਲ ਆਰਜ਼ੀ ਵਿਦੇਸੀ ਕਾਮੇ ਕੈਨੇਡਾ ਦੇ ਖੇਤਾਂ 'ਚ ਕੰਮ ਕਰਨ ਲਈ ਆਉਂਦੇ ਹਨ ਪਰ ਇਥੇ ਰੁਜ਼ਗਾਰ ਦੇਣ ਵਾਲਿਆਂ ਵੱਲੋਂ ਕੀਤਾ ਜਾਂਦਾ ਸ਼ੋਸ਼ਣ ਉਨ੍ਹਾਂ ਦਾ ਲੱਕ ਤੋੜ ਦਿੰਦਾ ਹੈ। ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਮਹਿਨਤਾਨਾ ਨਹੀਂ ਦਿੱਤਾ ਜਾਂਦਾ ਅਤੇ ਕੰਮ ਵੀ ਜ਼ਿਆਦਾ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਰਹਿਣ ਲਈ ਵੀ ਟੁੱਟਾ ਮਕਾਨ ਦਿੱਤਾ ਜਾਂਦਾ ਹੈ। ਉਹ ਲੋਕ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੇ, ਜੇ ਕਿਤੇ ਉਹ ਹਿੰਮਤ ਕਰਕੇ ਇਸਦੀ ਸ਼ਿਕਾਇਤ ਕਰ ਵੀ ਦਿੰਦੇ ਤਾਂ ਸੁਣਵਾਈ ਨਹੀਂ ਹੁੰਦੀ।
ਓਨਟਾਰੀਓ 'ਚ ਕਾਮਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ 'ਜਸਟਿਸ ਫਾਰ ਮਾਈਗ੍ਰੇਂਟ ਵਰਕਰਜ਼' ਦੇ ਪ੍ਰਬੰਧਕ ਕ੍ਰਿਸ ਰਾਮਸਰੂਪ ਦਾ ਕਹਿਣਾ ਸੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਅਤੇ ਕੈਨੇਡੀਅਨ ਲੋਕਾਂ ਲਈ ਵੱਖੋ ਵਖਰੇ ਹੱਕ ਤੈਅ ਕੀਤੇ ਗਏ ਹਨ। ਆਪਣੇ ਇੰਮੀਗ੍ਰੇਸ਼ਨ ਦਰਜੇ ਕਾਰਨ ਵਿਦੇਸ਼ੀ ਕਾਮੇ ਮੂੰਹ ਨਹੀਂ ਖੋਲ੍ਹਦੇ ਅਤੇ ਚੁੱਪ ਚਾਪ ਜ਼ੁਲਮ ਬਰਦਾਸ਼ਤ ਕਰਦੇ ਰਹਿੰਦੇ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਕਾਮੇ ਕਈ ਵਾਰ ਇਥੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਅੰਗ੍ਰੇਜੀ ਤਾਂ ਆਉਂਦੀ ਹੈ ਪਰ ਫਰੈਂਚ ਭਾਸ਼ਾ ਦਾ ਗਿਆਨ ਬਹੁਤ ਘੱਟ ਹੁੰਦਾ ਹੈ। ਕੰਮ ਦੇਣ ਵਾਲੀਆਂ ਕੰਪਨੀਆਂ ਇਨ੍ਹਾਂ ਲੋਕਾਂ ਦੀ ਇਸ ਕਮੀ ਦਾ ਫਾਇਦਾ ਚੁੱਕਦੇ ਹੋਏ ਕੰਟਰੈਕਟ ਵਾਲੇ ਇਕਰਾਰਨਾਮੇ ਨੂੰ ਫਰੈਂਚ ਭਾਸ਼ਾ 'ਚ ਤਿਆਰ ਕਰਵਾਉਂਦੇ ਹਨ ਅਤੇ ਉਨ੍ਹਾਂ ਤੋਂ ਦਸਤਖਤ ਕਰਵਾ ਕੇ ਮਨਮਾਨੀਆਂ ਕਰਦੇ ਹਨ। ਕਈ ਵਾਰ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਬਾਰੇ ਗਲਤ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਕਾਰਨ ਭਵਿੱਖ 'ਚ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਹਾਸਲ ਕਰਨ 'ਚ ਮੁਸ਼ਕਿਲ ਆਉਂਦੀ ਹੈ।
ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਮਹਿਲਾ ਅਧਿਕਾਰੀ ਜੂਲੀਆ ਸੂਲੀਵੈਨ ਨੇ ਕਿਹਾ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮਾਮਲੇ 'ਚ ਨਿਗਰਾਨੀ ਵਧਾਈ ਜਾ ਰਹੀ ਹੈ ਅਤੇ ਅਪਰਾਧਕ ਕਾਰਵਾਈ ਲਈ ਸੂਚਨਾ ਸਾਂਝੀ ਕਰਨ ਦੇ ਤਰੀਕਿਆਂ 'ਚ ਸੁਧਾਰ ਕੀਤਾ ਗਿਆ ਹੈ। ਇਸ ਦੇ ਨਾਲ ਰੁਜ਼ਗਾਰਦਾਤਾਵਾਂ ਨੂੰ ਭਾਰੀ ਜ਼ੁਰਮਾਨੇ ਕਰਨ ਦੀ ਤਜਵੀਜ਼ ਵੀ ਸ਼ਾਮਲ ਹੈ। ਦੂਜੇ ਪਾਸੇ ਫੈਡਰਲ ਸਰਕਾਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।