ਕੋਰੋਨਾ ਕਾਰਣ ਅਮਰੀਕਾ ''ਚ ਹੁਣ ਤੱਕ 40 ਤੋਂ ਵਧੇਰੇ ਭਾਰਤੀਆਂ ਤੇ ਭਾਰਤੀ-ਅਮਰੀਕੀਆਂ ਦੀ ਮੌਤ

04/11/2020 2:15:04 PM

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਣ 40 ਤੋਂ ਵਧੇਰੇ ਭਾਰਤੀਆਂ ਤੇ ਭਾਰਤੀ-ਅਮਰੀਕੀਆਂ ਦੀ ਮੌਤ ਹੋਈ ਹੈ ਜਦਕਿ ਭਾਰਤੀ ਮੂਲ ਦੇ 1500 ਤੋਂ ਵਧੇਰੇ ਲੋਕ ਇਸ ਬੀਮਾਰੀ ਨਾਲ ਇਨਫੈਕਟਡ ਹੋਏ ਹਨ। ਕੋਵਿਡ-19 ਦੇ ਨਵੇਂ ਗਲੋਬਲ ਕੇਂਦਰ ਬਣੇ ਅਮਰੀਕਾ ਵਿਚ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਅਮਰੀਕਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਥੇ ਇਕੋ ਦਿਨ ਵਿਚ ਇਸ ਜਾਨਲੇਵਾ ਬੀਮਾਰੀ ਨੇ 2000 ਤੋਂ ਵਧੇਰੇ ਲੋਕਾਂ ਦੀ ਜਾਨ ਲਈ ਹੈ। ਜਾਨ ਹਾਪਕਿੰਗਸ ਯੂਨੀਵਰਿਸਟੀ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਇਸ ਵਾਇਰਸ ਕਾਰਣ 2108 ਲੋਕਾਂ ਦੀ ਮੌਤ ਹੋਈ। ਨਿਊਯਾਰਕ ਤੇ ਨਿਊ ਜਰਸੀ ਵਿਚ ਭਾਰਤੀ-ਅਮਰੀਕੀਆਂ ਦੀ ਸਭ ਤੋਂ ਵੱਡੀ ਆਬਾਦੀ ਰਹਿੰਦੀ ਹੈ। ਕੋਰੋਨਾਵਾਇਰਸ ਦੇ ਕਾਰਣ ਜਾਨ ਗੁਆਉਣ ਵਾਲਿਆਂ ਵਿਚ ਘੱਟੋ ਘੱਟ 17 ਕੇਰਲ ਦੇ ਲੋਕ ਸਨ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿਚ ਗੁਜਰਾਤ ਦੇ 10, ਪੰਜਾਬ ਦੇ ਚਾਰ, ਆਂਧਰਾ ਪ੍ਰਦੇਸ਼ ਦੇ 2 ਤੇ ਓਡੀਸ਼ਾ ਦਾ ਇਕ ਵਿਅਕਤੀ ਸ਼ਾਮਲ ਸੀ। ਉਹਨਾਂ ਵਿਚੋਂ ਵਧੇਰੇ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ ਜਦਕਿ ਇਕ ਮਰੀਜ਼ ਦੀ ਉਮਰ 21 ਸਾਲ ਸੀ।

ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਤੋਂ ਪੀਟੀਆਈ ਵਲੋਂ ਇਕੱਠੇ ਕੀਤੇ ਅੰਕੜਿਆਂ ਦੀ ਸੂਚੀ ਦੇ ਮੁਤਾਬਕ ਨਿਊ ਜਰਸੀ ਵਿਚ ਇਕ ਦਰਜਨ ਤੋਂ ਵਧੇਰੇ ਭਾਰਤੀ-ਅਮਰੀਕੀਆਂ ਦੀ ਜਾਨ ਗਈ। ਇਹਨਾਂ ਵਿਚੋਂ ਵਧੇਰੇ ਜਰਸੀ ਸਿਟੀ ਤੇ ਓਕ ਟ੍ਰੀ ਰੋਡ ਦੇ ਲਿਟਿਲ ਇੰਡੀਆ ਇਲਾਕੇ ਦੇ ਨੇੜੇ ਦੇ ਮਾਮਲੇ ਸਨ। ਇਸੇ ਤਰ੍ਹਾਂ ਨਿਊਯਾਰਕ ਵਿਚ ਵੀ ਘੱਟ ਤੋਂ ਘੱਟ 15 ਭਾਰਤੀ-ਅਮਰੀਕੀਆਂ ਦੀ ਇਸ ਬੀਮਾਰੀ ਕਰਕੇ ਮੌਤ ਹੋ ਗਈ। ਪੈਨਸਲਵੇਨੀਆ ਤੇ ਫਲੋਰਿਡਾ ਵਿਚ ਚਾਰ ਭਾਰਤੀਆਂ ਦੀ ਮੌਤ ਦੀ ਖਬਰ ਆਈ ਹੈ। ਟੈਕਸਾਸ ਤੇ ਕੈਲੀਫੋਰਨੀਆ ਵਿਚ ਵੀ ਘੱਟ ਤੋਂ ਘੱਟ ਇਕ-ਇਕ ਭਾਰਤੀ-ਅਮਰੀਕੀ ਦੀ ਇਸ ਬੀਮਾਰੀ ਕਾਰਣ ਮੌਤ ਹੋਈ ਹੈ। ਖਬਰਾਂ ਤੋਂ ਸੰਕੇਤ ਮਿਲੇ ਹਨ ਕਿ ਘੱਟ ਤੋਂ ਘੱਟ 12 ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਣ ਮੌਤ ਹੋਈ ਹੈ। ਜਿਹਨਾਂ ਵਿਚੋਂ ਵਧੇਰੇ ਨਿਊਯਾਰਕ ਤੇ ਨਿਊ ਜਰਸੀ ਦੇ ਸਨ।


Baljit Singh

Content Editor

Related News