ਦੁਨੀਆ ਭਰ ''ਚ ਕੋਰੋਨਾ ਕਾਰਣ 1.9 ਲੱਖ ਤੋਂ ਵਧੇਰੇ ਮੌਤਾਂ, ਯੂਰਪ ਸਭ ਤੋਂ ਜ਼ਿਆਦਾ ਪ੍ਰਭਾਵਿਤ

04/24/2020 9:39:30 PM

ਪੈਰਿਸ- ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਇਸ ਮਹਾਮਾਰੀ ਦੇ ਕਾਰਣ ਪੂਰਾ ਵਿਸ਼ਵ ਰੁਕ ਜਿਹਾ ਗਿਆ ਹੈ। ਪਰ ਇਸ ਜਾਨਲੇਵਾ ਵਾਇਰਸ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਗਲੋਬਲ ਮਹਾਮਾਰੀ ਕੋਵਿਡ-19 ਨਾਲ ਦੁਨੀਆਭਰ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਨੂੰ 1.9 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਇਹਨਾਂ ਵਿਚੋਂ ਦੋ-ਤਿਹਾਈ ਲੋਕ ਯੂਰਪ ਵਿਚ ਮਾਰੇ ਗਏ ਹਨ।

ਅਧਿਕਾਰਿਤ ਸੂਤਰਾਂ ਤੋਂ ਅੰਤਰਰਾਸ਼ਟਰੀ ਸਮੇਂ ਮੁਤਾਬਕ 7:40 ਵਜੇ ਤੱਕ ਮਿਲੇ ਅੰਕੜਿਆਂ ਨੂੰ ਜੋੜਨ ਤੋਂ ਬਾਅਦ ਏ.ਐਫ.ਪੀ. ਵਲੋਂ ਤਿਆਰ ਕੀਤੀ ਗਈ ਟੈਲੀ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਚੀਨ ਵਿਚ ਦਸੰਬਰ ਮਹੀਨੇ ਤੋਂ ਫੈਲਣਾ ਸ਼ੁਰੂ ਹੋਇਆ ਇਹ ਵਾਇਰਸ ਹੁਣ ਤੱਕ ਦੁਨੀਆ ਦੇ 1,90,089 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਤੇ ਇਸ ਨਾਲ 26 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹੋਏ ਹਨ। ਇਸ ਨਾਲ ਸਭ ਤੋਂ ਵਧੇਰੇ ਯੂਰਪ ਪ੍ਰਭਾਵਿਤ ਹੋਇਆ ਹੈ, ਜਿਥੇ 1,16,221 ਲੋਕਾਂ ਦੀ ਮੌਤ ਹੋਈ ਹੈ ਤੇ 12,96,248 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਅਮਰੀਕਾ ਵਿਚ 49,963, ਇਟਲੀ ਵਿਚ 25,549, ਸਪੇਨ ਵਿਚ 22,157, ਫਰਾਂਸ ਵਿਚ 21,856 ਤੇ ਬ੍ਰਿਟੇਨ ਵਿਚ 18,738 ਲੋਕਾਂ ਦੀ ਜਾਨ ਗਈ ਹੈ।

ਇੱਧਰ ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 23,077 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਹਨਾਂ ਵਿਚੋਂ 4,747 ਲੋਕ ਠੀਕ ਵੀ ਹੋਏ ਹਨ ਤੇ 718 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ 17,610 ਕੋਰੋਨਾ ਮਰੀਜ਼ਾਂ ਦਾ ਇਲਾਜ ਜਾਰੀ ਹੈ। ਸਿਹਤ ਮੰਤਰਾਲਾ ਵਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 1,684 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 37 ਲੋਕਾਂ ਦੀ ਮੌਤ ਹੋਈ ਹੈ।
ਦੇਸ਼ ਵਿਚ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ। ਇਥੇ ਹੁਣ ਤੱਕ 6,430 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਥੇ ਹੁਣ ਤੱਕ 840 ਲੋਕ ਠੀਕ ਹੋ ਗਏ ਹਨ ਤੇ 283 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਵਧੇਰੇ ਗੁਜਰਾਤ ਪ੍ਰਭਾਵਿਤ ਹੋਇਆ ਹੈ। ਇਥੇ ਵਾਇਰਸ ਦੇ 2,624 ਮਾਮਲੇ ਸਾਹਮਣੇ ਆਏ ਹਨ ਤੇ ਇਹਨਾਂ ਵਿਚੋਂ 258 ਲੋਕ ਠੀਕ ਹੋਏ ਹਨ। ਉਥੇ ਹੀ 112 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿਚ ਵੀ 2,000 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਥੇ 808 ਲੋਕ ਠੀਕ ਹੋਏ ਹਨ ਤੇ 50 ਲੋਕਾਂ ਦੀ ਮੌਤ ਹੋਈ ਹੈ।


Baljit Singh

Content Editor

Related News