ਜਨਮ ਤੋਂ ਬੀਮਾਰੀ ਦੇ ਸ਼ਿਕਾਰ ਵਿਦਿਆਰਥੀ ਨੇ ਕੀਤੀ ਗ੍ਰੈਜੂਏਸ਼ਨ, ਬਣਿਆ ਮਿਸਾਲ

06/03/2018 12:59:00 PM

ਮਾਂਟਰੀਅਲ— ਕੈਨੇਡਾ ਦੇ ਸ਼ਹਿਰ ਮਾਂਟਰੀਅਲ 'ਚ ਰਹਿਣ ਵਾਲੇ 21 ਸਾਲਾ ਵਿਦਿਆਰਥੀ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਲਈ ਹੈ, ਉਹ ਦਿਮਾਗੀ ਬੀਮਾਰੀ ਸੈਰੇਬਰੇਲ ਪਾਲਸੀ ਨਾਲ ਪੀੜਤ ਹੈ। ਉਹ ਪਿਛਲੇ 17 ਸਾਲਾ ਤੋਂ ਇਕੋ ਸਕੂਲ 'ਚ ਪੜ੍ਹ ਰਿਹਾ ਹੈ। ਸ਼ਾਇਹੈਮ ਰਾਮਧਾਨੇ ਨਾਂ ਦੇ ਇਸ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਕਰਨ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਕਦੇ ਘਬਰਾਇਆ ਨਹੀਂ। ਉਹ ਹਮੇਸ਼ਾ ਕੋਸ਼ਿਸ਼ ਕਰਦਾ ਸੀ ਕਿ ਚੰਗਾ ਸਿੱਖ ਸਕੇ ਅਤੇ ਉਹ ਸਫਲ ਹੋ ਗਿਆ। ਉਸ ਨੇ 'ਮੈਕੀ ਸੈਂਟਰ ਸਕੂਲ' 'ਚ ਪੜ੍ਹਾਈ ਸ਼ੁਰੂ ਕੀਤੀ ਸੀ, ਜਿੱਥੇ ਉਸ ਵਰਗੇ ਸਪੈਸ਼ਲ ਬੱਚੇ ਪੜ੍ਹਾਈ ਕਰਦੇ ਹਨ।


ਉਸ ਨੇ ਕਿਹਾ ਕਿ ਉਹ 4 ਸਾਲ ਦੀ ਉਮਰ ਤੋਂ ਸਕੂਲ 'ਚ ਹੈ ਅਤੇ ਹੁਣ 17 ਸਾਲਾਂ ਬਾਅਦ ਸਕੂਲ ਨੂੰ ਅਲਵਿਦਾ ਕਹੇਗਾ। ਉਸ ਦੇ ਅਧਿਆਪਕਾਂ ਨੇ ਕਿਹਾ ਕਿ ਉਹ ਹੋਰ ਬੱਚਿਆਂ ਲਈ ਇਕ ਮਿਸਾਲ ਬਣ ਗਿਆ ਹੈ। ਉਹ ਆਰਟ ਅਤੇ ਸੋਸ਼ਲ ਮੁੱਦਿਆਂ ਪ੍ਰਤੀ ਬਹੁਤ ਜਾਗਰੂਕ ਰਿਹਾ ਹੈ। ਉਸ ਦੇ ਦੋਸਤਾਂ ਨੇ ਕਿਹਾ ਕਿ ਉਹ ਇਕ ਚੰਗਾ ਦੋਸਤ ਰਿਹਾ ਹੈ ਤੇ ਹੁਣ ਉਹ ਸਕੂਲ ਨੂੰ ਅਲਵਿਦਾ ਕਰ ਜਾਵੇਗਾ ਅਤੇ ਸਭ ਉਸ ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ। 
ਸ਼ਾਇਹੈਮ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਹਰ ਇਕ ਨੂੰ ਪੜ੍ਹਾਈ ਪ੍ਰਤੀ ਈਮਾਨਦਾਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਸਫਲ ਹੋਣ। ਉਸ ਨੇ ਕਿਹਾ ਕਿ ਜ਼ਿੰਦਗੀ 'ਚ ਵਧਦੇ ਜਾਣਾ ਜ਼ਰੂਰੀ ਹੈ। ਅਸਫਲ ਹੋਣ 'ਤੇ ਵੀ ਕਿਸੇ ਨੂੰ ਆਪਣੀ ਮਿਹਨਤ ਛੱਡਣੀ ਨਹੀਂ ਚਾਹੀਦੀ।