ਕੈਨੇਡਾ : ਮਾਂਟਰੀਆਲ ''ਚ ਕੱਢੀ ਗਈ ''ਗੇਅ ਪ੍ਰਾਈਡ ਪਰੇਡ'', ਪੀ. ਐੱਮ. ਟਰੂਡੋ ਤੇ ਜਗਮੀਤ ਨੇ ਲਿਆ ਹਿੱਸਾ

08/20/2018 12:38:09 PM

ਮਾਂਟਰੀਆਲ (ਭਾਸ਼ਾ)— ਕੈਨੇਡਾ ਦੇ ਸ਼ਹਿਰ ਮਾਂਟਰੀਆਲ 'ਚ ਐਤਵਾਰ ਨੂੰ 'ਗੇਅ ਪ੍ਰਾਈਡ ਪਰੇਡ' ਕੱਢੀ ਗਈ, ਜਿਸ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਇਸ ਪਰੇਡ ਵਿਚ ਦੁਨੀਆ ਭਰ 'ਚ ਅਜਿਹੇ ਲੋਕਾਂ ਨਾਲ ਹੋਣ ਵਾਲੇ ਭੇਦਭਾਵ ਅਤੇ ਦਮਨ ਵਿਰੁੱਧ ਇਕ ਮਿੰਟ ਦਾ ਮੌਨ ਰੱਖਿਆ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਪਰੇਡ ਦਾ ਹਿੱਸਾ ਬਣੇ।

 

ਪਰੇਡ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੂਡੋ ਨੇ ਕਿਹਾ, ''ਸਾਰਿਆਂ ਨਾਲ ਜਸ਼ਨ ਮਨਾਉਣਾ ਮਾਣ ਦੀ ਗੱਲ ਹੈ।'' ਟਰੂਡੋ ਨੇ ਇਸ ਮੌਕੇ ਹਲਕੇ ਗੁਲਾਬੀ ਰੰਗ ਦੀ ਕਮੀਜ਼ ਅਤੇ ਸਫੈਦ ਰੰਗ ਦੀ ਪੈਂਟ ਪਹਿਨੀ ਹੋਈ ਸੀ। ਉਨ੍ਹਾਂ ਦੀ ਪਤਨੀ ਸੋਫੀਆ ਜਾਰਜੀਆ ਟਰੂਡੋ ਵੀ ਉਨ੍ਹਾਂ ਨਾਲ ਮੌਜੂਦ ਸੀ। ਇਸ ਪਰੇਡ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇਤਾ ਜਗਮੀਤ ਸਿੰਘ ਨੇ ਵੀ ਹਿੱਸਾ ਲਿਆ। 


ਆਯੋਜਕ ਅਨੁਸਾਰ ਲੱਖਾਂ ਲੋਕ ਮਾਣ ਨਾਲ ਇਸ ਪਰੇਡ ਵਿਚ ਸ਼ਾਮਲ ਹੋਏ। ਇੱਥੇ ਐੱਲ. ਜੀ. ਬੀ. ਟੀ. ਕਿਊ. (ਸਮਲਿੰਗੀ, ਗੇਅ, ਬਾਇਸੈਕਸੁਅਲ, ਟਰਾਂਸਜੈਂਡਰ ਅਤੇ ਕਿਊਅਰ) ਲੋਕਾਂ 'ਤੇ ਕੁਝ ਦੇਸ਼ਾਂ ਵਿਚ ਹੋ ਰਹੇ ਦਮਨ ਵਿਰੁੱਧ ਇਕ ਮਿੰਟ ਦਾ ਮੌਨ ਰੱਖਿਆ ਗਿਆ। ਐੱਲ. ਜੀ. ਬੀ. ਟੀ. ਕਿਊ. ਵਰਕਰ ਕੈਨੇਡੀ ਓਲਾਂਗੋ ਦੇ ਦੇਸ਼ ਕੀਨੀਆ ਵਿਚ ਇਸ ਨੂੰ ਅਪਰਾਧ ਮੰਨਿਆ ਜਾਂਦਾ ਹੈ ਅਤੇ ਇਸ ਲਈ ਸਖਤ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਟਰੂਡੋ ਸਰਕਾਰ ਤੋਂ ਉਨ੍ਹਾਂ ਦੇ ਦੇਸ਼ ਦਾ ਦ੍ਰਿਸ਼ਟੀਕੋਣ ਬਦਲਾਉਣ ਲਈ ਮਦਦ ਮੰਗੀ। 



ਟਰੂਡੋ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਕੀ ਅਸੀਂ ਸਹਿਣਸ਼ੀਲਤਾ 'ਤੇ ਗੱਲ ਕਰਨਾ ਬੰਦ ਕਰ ਸਕਦੇ ਹਾਂ? ਸਾਨੂੰ ਸਵੀਕਾਰ ਕਰਨ 'ਤੇ ਗੱਲ ਕਰਨੀ ਚਾਹੀਦੀ ਹੈ, ਸਾਨੂੰ ਖੱਲ੍ਹੇਪਣ 'ਤੇ ਗੱਲ ਕਰਨੀ ਚਾਹੀਦੀ ਹੈ, ਦੋਸਤੀ 'ਤੇ ਗੱਲ ਕਰਨੀ ਚਾਹੀਦੀ ਹੈ। ਸਾਨੂੰ ਪਿਆਰ 'ਤੇ ਗੱਲ ਕਰਨ ਦੀ ਲੋੜ ਹੈ, ਸਿਰਫ ਸਹਿਣਸ਼ੀਲਤਾ 'ਤੇ ਨਹੀਂ।''