ਕੈਨੇਡਾ : 3 ਵਾਹਨ ਟਕਰਾਏ, ਸਮਰ ਕੈਂਪ ਲਈ ਜਾ ਰਹੇ ਬੱਚਿਆਂ ਸਣੇ 69 ਲੋਕ ਜ਼ਖਮੀ

07/24/2019 8:18:45 AM

ਮਾਂਟਰੀਅਲ— ਕੈਨੇਡਾ 'ਚ ਉੱਤਰੀ ਮਾਂਟਰੀਅਲ ਹਾਈਵੇਅ 'ਤੇ ਮੰਗਲਵਾਰ ਨੂੰ ਤਿੰਨ ਵਾਹਨਾਂ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ 2 ਸਕੂਲੀ ਬੱਸਾਂ 'ਚ ਅੱਗ ਲੱਗ ਗਈ। ਇਸ ਦੁਰਘਟਨਾ 'ਚ ਬੱਚਿਆਂ ਸਣੇ ਘੱਟ ਤੋਂ ਘੱਟ 69 ਲੋਕ ਜ਼ਖਮੀ ਹੋ ਗਏ। ਸਥਾਨਕ ਖਬਰਾਂ ਮੁਤਾਬਕ ਦੋ ਸਕੂਲੀ ਬੱਸਾਂ ਦੇ ਅੱਗੇ ਚੱਲ ਰਿਹਾ ਇਕ ਵਾਹਨ ਅਚਾਨਕ ਰੁਕ ਗਿਆ, ਜਿਸ ਕਾਰਨ ਇਨ੍ਹਾਂ ਵਾਹਨਾਂ 'ਚ ਟੱਕਰ ਹੋ ਗਈ ਅਤੇ 2 ਸਕੂਲ ਬੱਸਾਂ 'ਚ ਅੱਗ ਲੱਗ ਗਈ। 

ਇਹ ਦੁਰਘਟਨਾ ਮੰਗਲਵਾਰ ਸਵੇਰੇ 10 ਵਜੇ ਵਾਪਰੀ। ਉਸ ਸਮੇਂ ਬੱਸਾਂ 'ਚ 7 ਤੋਂ 12 ਸਾਲ ਦੀ ਉਮਰ ਦੇ ਬੱਚੇ ਸਨ, ਜੋ ਸਮਰ ਕੈਂਪ ਲਈ ਜਾ ਰਹੇ ਸਨ। ਇਹ ਇਲਾਕਾ ਮਾਂਟਰੀਅਲ ਸ਼ਹਿਰ ਤੋਂ 40 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ 87 'ਚੋਂ 69 ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੈ।