ਨਿਊਜ਼ੀਲੈਂਡ 'ਚ ਵੱਡੇ ਆਕਾਰ ਦੇ ਪੈਂਗੁਇਨ ਸਬੰਧੀ ਮਿਲੇ ਸਬੂਤ

08/14/2019 3:11:46 PM

ਵਲਿੰਗਟਨ— ਨਿਊਜ਼ੀਲੈਂਡ ਦੇ ਦੱਖਣੀ ਟਾਪੂ ਤੋਂ ਮਨੁੱਖ ਦੇ ਆਕਾਰ ਵਾਂਗ ਵੱਡੇ ਪੈਂਗੁਇਨਾਂ ਦੇ ਹੋਣ ਸਬੰਧੀ ਸਬੂਤ ਮਿਲੇ ਹਨ। ਜੀਵਾਸ਼ਮ (ਜੈਵਿਕ ਅੰਸ਼) ਦੀ ਮਦਦ ਨਾਲ ਇਸ ਬਾਰੇ ਪਤਾ ਲੱਗਾ ਹੈ ਕਿ ਇਸ ਵਿਸ਼ਾਲ ਸਮੁੰਦਰੀ ਪੰਛੀ ਦਾ ਕੱਦ 1.6 ਮੀਟਰ (63 ਇੰਚ) ਅਤੇ ਭਾਰ ਲਗਭਗ 80 ਕਿਲੋ ਸੀ ਜੋ ਇਨ੍ਹਾਂ ਦੀ ਸਭ ਤੋਂ ਵੱਡੀ ਨਸਲ 'ਐਂਪਰਰ ਪੈਂਗੁਇਨ' ਤੋਂ ਤਕਰੀਬਨ 4 ਗੁਣਾ ਵਧੇਰੇ ਭਾਰ ਵਾਲਾ ਅਤੇ 40 ਸੈਂਟੀਮੀਟਰ ਵਧੇਰੇ ਲੰਬਾ ਸੀ। 

ਕ੍ਰਾਸਵੈਲਿਆ ਵੈਪਾਰੈਂਸਿਸ ਨਾਂ ਦਾ ਇਹ ਪੈਂਗੁਇਨ ਨਿਊਜ਼ੀਲੈਂਡ ਦੇ ਤਟ 'ਤੇ 60-56 ਲੱਖ ਸਾਲ ਪਹਿਲਾਂ ਪਾਇਆ ਜਾਂਦਾ ਸੀ। ਇਸ ਪੈਂਗੁਇਨ ਦੇ ਪੈਰਾਂ ਦੀਆਂ ਹੱਡੀਆਂ ਪਿਛਲੇ ਸਾਲ ਮਿਲੀਆਂ ਸਨ ਅਤੇ ਆਸਟ੍ਰੇਲੀਆ ਦੇ ਇਕ ਰਸਾਲੇ 'ਚ ਛਪੀ ਖੋਜ 'ਚ ਇਸ ਦੀ ਇਕ ਨਵੀਂ ਨਸਲ ਦੇ ਤੌਰ 'ਤੇ ਪੁਸ਼ਟੀ ਕੀਤੀ ਗਈ ਸੀ। 'ਕੈਂਟਰਬਰੀ ਅਜਾਇਬ ਘਰ (ਮਿਊਜ਼ੀਅਮ) ਦੀ ਖੋਜਕਾਰ ਵੈਨੇਸਾ ਡੀ ਪਿਏਤਰੀ ਨੇ ਦੱਸਿਆ ਕਿ ਇਹ ਉਸ ਕਾਲ 'ਚ ਪਾਇਆ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਪੈਂਗੁਇਨ ਸੀ।

ਉਨ੍ਹਾਂ ਕਿਹਾ,''ਇਹ ਸਾਡੀ ਉਸ ਥਿਊਰੀ 'ਤੇ ਜ਼ੋਰ ਦਿੰਦਾ ਹੈ ਕਿ ਪੈਂਗੁਇਨ ਨੇ ਆਪਣੇ ਵਿਕਾਸ ਦੇ ਸਮੇਂ ਵਿਸ਼ਾਲ ਆਕਾਰ ਪ੍ਰਾਪਤ ਕੀਤਾ ਸੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੂੰ ਬਹੁਤ ਘੱਟ ਪਾਏ ਜਾਣ ਵਾਲੇ ਪੰਛੀਆਂ ਲਈ ਜਾਣਿਆ ਜਾਂਦਾ ਹੈ। ਸਿਰਫ ਇਕ ਹਫਤਾ ਪਹਿਲਾਂ ਹੀ ਕੈਂਟਰਬਰੀ ਮਿਊਜ਼ਿਅਮ ਨੇ ਇਕ ਵੱਖਰੇ ਤੋਤੇ ਸਬੰਧੀਖੋਜ ਕਰਨ ਦੀ ਘੋਸ਼ਣਾ ਕੀਤੀ ਸੀ ਜੋ ਇਕ ਮੀਟਰ ਲੰਬਾ ਸੀ ਅਤੇ ਇਹ ਤਕਰੀਬਨ 19 ਲੱਖ ਸਾਲ ਪਹਿਲਾਂ ਮੌਜੂਦ ਸੀ।