ਆਸਿਆਨ ਸੰਮੇਲਨ ''ਚ ਬੋਲੇ ਮੋਦੀ, ਕਿਹਾ-ਭਾਰਤ ਨੂੰ ਬਦਲਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਸਰਕਾਰ

11/13/2017 5:58:47 PM

ਮਨੀਲਾ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਲਾ ਵਿਚ ਆਸਿਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਸਾਨ, ਅਸਰਦਾਰ ਅਤੇ ਪਾਰਦਰਸ਼ੀ ਸ਼ਾਸਨ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਵਿਚ ਡਿਜ਼ੀਟਲ ਟਰਾਂਜੈਕਸ਼ਨ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਲੋਕਾਂ ਤੱਕ ਪਹੁੰਚਣ ਲਈ ਅਸੀਂ ਤਕਨਾਲੋਜੀ ਦੀ ਵਰਤੋਂ ਨੂੰ ਵਧਾਇਆ ਹੈ। 
ਭਾਰਤ ਵਿਚ ਬਦਲਾਅ ਲਿਆਉਣ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਦੇ 'ਮੂਲ ਮੰਤਰ' ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 'ਮਿਨਿਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ' 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਲਗਭਗ 1200 ਪੁਰਾਣੇ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਕੰਪਨੀਆਂ ਖੋਲ੍ਹਣ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। 
ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਦੇਸ਼ ਨਿਵੇਸ਼ ਲਈ ਖੁੱਲ੍ਹੀ ਹੈ। ਇਸ ਦੇ ਨਾਲ ਹੀ ਮੋਦੀ ਨੇ ਜਨ ਧਨ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਇਕ ਵੱਡੀ ਆਬਾਦੀ ਕੋਲ ਬੈਂਕਿੰਗ ਸਹੂਲਤ ਨਹੀਂ ਸੀ। ਜਨ ਧਨ ਯੋਜਨਾ ਨੇ ਕੁਝ ਹੀ ਮਹੀਨਿਆਂ ਵਿਚ ਇਸ ਬਦਲਾਅ ਨੂੰ ਪੂਰਾ ਕਰ ਦਿੱਤਾ। ਇਸ ਪਹਿਲ ਨਾਲ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਬਦਲ ਗਈ ਹੈ।