ਮੋਦੀ ਨੇ ਕਿਹਾ— ਅਸੀਂ ਓਮਾਨ ''ਚ ਦੇਖ ਰਹੇ ਹਾਂ ''ਮਿਨੀ ਇੰਡੀਆ''

02/12/2018 10:42:04 AM

ਓਮਾਨ(ਬਿਊਰੋ)— ਪਹਿਲੀ ਵਾਰ ਓਮਾਨ ਪਹੁੰਚੇ ਪ੍ਰਧਾਨ ਮੰਤਰੀ ਨੇ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਦੇ ਬਾਹਰ ਓਮਾਨ ਵਿਚ ਇਕ ਮਿਨੀ ਇੰਡੀਆ ਦੇਖ ਰਹੇ ਹਾਂ। ਮੋਦੀ ਨੇ ਕਿਹਾ ਕਿ ਸਰਕਾਰ ਇਕ ਰਾਜਦੂਤ ਨਿਯੁਕਤ ਕਰਦੀ ਹੈ ਪਰ ਤੁਸੀਂ ਸਾਰੇ ਇੱਥੇ ਭਾਰਤ ਦੇ ਰਾਜਦੂਤ ਹੋ। ਉਨ੍ਹਾਂ ਕਿਹਾ ਕਿ ਖਾੜ੍ਹੀ ਦੇਸ਼ਾਂ ਨਾਲ ਭਾਰਤ ਦੀ ਵਪਾਰਕ ਸਾਂਝੇਦਾਰੀ ਅਤੇ ਦੌਸਤੀ ਲਗਾਤਾਰ ਵਧ ਰਹੀ ਹੈ। ਦੁਨੀਆ ਸਾਨੂੰ ਸਨਮਾਨ ਦੇ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਅੱਗੇ ਕਿਹਾ ਕਿ ਬੀਤੇ 3 ਸਾਲ ਤੋਂ ਇਕ ਨੀਤੀ ਬਣਾ ਕੇ ਖਾੜ੍ਹੀ ਦੇਸ਼ਾਂ ਨਾਲ ਭਾਰਤ ਦੇ ਪੁਰਾਣੇ ਰਿਸ਼ਤਿਆਂ ਨੂੰ ਅੱਜ ਦੇ ਸਮੇਂ ਮੁਤਾਬਕ ਇਕ ਨਵਾਂ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਭਾਰਤ ਦੀ ਵਧਦੀ ਹੋਈ ਪ੍ਰਗਤੀ ਨਾਲ ਖਾੜ੍ਹੀ ਦੇਸ਼ਾਂ ਦੀ ਭਾਰਤ ਵਿਚ ਰੂਚੀ ਵੀ ਵਧ ਰਹੀ ਹੈ ਅਤੇ ਅਸੀਂ ਦੇਸ਼ ਦੇ ਆਮ ਲੋਕਾਂ ਤੱਕ ਵਿਕਾਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੋਂ ਤੱਕ ਕਿ ਚੀਜ਼ਾਂ ਨੂੰ ਆਨਲਾਈਨ ਕਰ ਕੇ ਆਸਾਨੀ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਮੋਦੀ ਨੇ ਸੁਲਤਾਨ ਕੁਬੂਸ ਸਟੇਡੀਅਮ ਦੇ ਸ਼ਾਹੀਬਾਕਸ ਤੋਂ ਆਪਣਾ ਸੰਬੋਧਨ ਕੀਤਾ। ਇਹ ਬਾਕਸ ਸਿਰਫ ਸੁਲਤਾਨ ਕੁਬੂਸ ਨੇ ਹੀ ਇਸਤੇਮਾਲ ਕੀਤਾ ਹੈ, ਉਨ੍ਹਾਂ ਤੋਂ ਬਾਅਦ ਮੋਦੀ ਪਹਿਲੇ ਅਜਿਹੇ ਨੇਤਾ ਹਨ ਜੋ ਇਸ ਬਾਕਸ ਤੋਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਇਸ ਤੋਂ ਪਹਿਲਾਂ ਸਟੇਡੀਅਮ ਵਿਚ ਕਲਾਕਾਰਾਂ ਨੇ ਕਈ ਸ਼ਾਨਦਾਰ ਪ੍ਰੋਗਰਾਮ ਵੀ ਦਿਖਾਏ। ਇਸ ਸਮੇਂ ਵੱਡੀ ਗਿਣਤੀ ਵਿਚ ਇਥੇ ਭਾਰਤੀ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਆਪਣੀ ਤਿੰਨ ਖਾੜ੍ਹੀ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਓਮਾਨ ਪਹੁੰਚੇ ਹਨ। ਮਸਕਟ ਵਿਚ ਪੀ. ਐਮ ਮੋਦੀ ਦੇ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਓਮਾਨ ਦੀ ਮਿਨੀਸਟਰ ਕੌਂਸਲ ਦੇ ਉਪ ਪ੍ਰਧਾਨ ਮੰਤਰੀ ਸੈਯਦ ਫਹਦ ਬਿਨ ਮਹਿਮੂਦ ਅਲ ਸੈਦ ਨੇ ਉਨ੍ਹਾਂ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਸੈਯਦ ਫਹਦ ਬਿਨ ਮਹਿਮੂਦ ਅਲ ਸੈਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕੀਤ, ਜਿਸ ਤੋਂ ਬਾਅਦ ਪੀ. ਐਮ ਮੋਦੀ ਮਸਕਟ ਵਿਚ ਹਯਾਤ ਹੋਟਲ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਨੂੰ ਗ੍ਰੀਟਿੰਗਸ ਅਤੇ ਕਾਰਡ ਵੀ ਦਿੱਤੇ। ਮੋਦੀ 3 ਦੇਸ਼ਾਂ ਜੌਰਡਨ, ਫਿਲੀਸਤੀਨ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਅਤੇ ਓਮਾਨ ਦੌਰੇ 'ਤੇ ਹਨ।