ਮੋਦੀ, ਆਰਡਨ ਨੇ ਪੁਲਵਾਮਾ, ਕ੍ਰਾਈਸਟਚਰਚ ਹਮਲਿਆਂ ਦੀ ਕੀਤੀ ਨਿਖੇਧੀ

09/26/2019 5:22:07 PM

ਨਿਊਯਾਰਕ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੀ ਉਨ੍ਹਾਂ ਦੀ ਹਮਰੁਤਬਾ ਜੇਸਿੰਡਾ ਆਰਡਨ ਨੇ ਇਥੇ ਮੁਲਾਕਾਤ ਕੀਤੀ ਅਤੇ ਅੱਤਵਾਦ ਨਾਲ ਲੜਾਈ ਵਿਚ ਇਕ ਦੂਜੇ ਦੀ ਹਮਾਇਤ ਕਰਦੇ ਹੋਏ ਪੁਲਵਾਮਾ ਅਤੇ ਕ੍ਰਾਈਸਟਚਰਚ ਅੱਤਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਮੋਦੀ ਅਤੇ ਆਰਡਨ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਸੰਮੇਲਨ ਤੋਂ ਬਾਅਦ ਮੁਲਾਕਾਤ ਕੀਤੀ ਅਤੇ ਦੋ ਪੱਖੀ ਸਬੰਧਾਂ ਦੀ ਸਮੀਖਿਆ ਕਰਦੇ ਹੋਏ ਰਾਜਨੀਤਕ, ਆਰਥਿਕ, ਰੱਖਿਆ, ਸੁਰੱਖਿਆ ਅਤੇ ਜਨਤਾ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਕਦਮਾਂ 'ਤੇ ਚਰਚਾ ਕੀਤੀ।

ਉਨ੍ਹਾਂ ਨੇ ਕੌਮਾਂਤਰੀ ਅੱਤਵਾਦ ਦੇ ਮੁੱਦੇ ਸਣੇ ਆਪਸੀ ਹਿੱਤ ਦੇ ਸੰਸਾਰਕ ਅਤੇ ਖੇਤਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਅਤੇ ਇਸ ਵਿਸ਼ੇ 'ਤੇ ਦੋਹਾਂ ਦੇਸ਼ਾਂ ਦੇ ਵਿਚਾਰ ਮਿਲਣ ਦੀ ਸ਼ਲਾਘਾ ਕੀਤੀ। ਬਿਆਨ ਵਿਚ ਕਿਹਾ ਗਿਆ ਦੋਹਾਂ ਦੇਸ਼ਾਂ ਨੇ ਪੁਲਵਾਮਾ ਅਤੇ ਕ੍ਰਾਈਸਟਚਰਚ ਅੱਤਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਤੋਂ ਬਾਅਦ ਇਕ ਦੂਜੇ ਨੂੰ ਹਮਾਇਤ ਜਤਾਈ। ਕਸ਼ਮੀਰ ਦੇ ਪੁਲਵਾਮਾ ਵਿਚ ਫਰਵਰੀ ਮਹੀਨੇ ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਨੇ ਸੀ.ਆਰ.ਪੀ.ਐਫ. ਦੀ ਇਕ ਬੱਸ ਨੂੰ ਬੰਬ ਨਾਲ ਉਡਾ ਦਿੱਤਾ ਸੀ ਜਿਸ ਵਿਚ ਫੋਰਸ ਦੇ 40 ਜਵਾਨ ਮਾਰੇ ਗਏ।

ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ। ਵੱਧਦੇ ਦਬਾਅ ਵਿਚਾਲੇ ਭਾਰਤੀ ਏਅਰ ਫੋਰਸ ਵਿਚਾਲੇ ਭਾਰਤੀ ਏਅਰ ਫੋਰਸ ਨੇ ਅੱਤਵਾਦ ਰੋਕੂ ਮੁਹਿੰਮ ਚਲਾਈ ਅਤੇ ਪਾਕਿਸਤਾਨ ਦੀ ਸਰਹੱਦ ਅੰਦਰ ਬਾਲਾਕੋਟ ਵਿਚ 26 ਫਰਵਰੀ ਨੂੰ ਜੈਸ਼ ਦੇ ਸਭ ਤੋਂ ਵੱਡੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ। ਮਾਰਚ ਮਹੀਨੇ ਵਿਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਦੋ ਮਸਜਿਦਾਂ 'ਤੇ ਆਸਟ੍ਰੇਲੀਆਈ ਮੂਲ ਦੇ ਇਕ ਹਮਲਾਵਰ ਨੇ ਗੋਲੀਆਂ ਚਲਾਈਆਂ ਜਿਸ ਵਿਚ 5 ਭਾਰਤੀਆਂ ਸਣੇ ਘੱਟੋ-ਘੱਟ 47 ਲੋਕ ਮਾਰੇ ਗਏ। ਕਿਸੇ ਪੱਛਮੀ ਦੇਸ਼ ਵਿਚ ਮੁਸਲਮਾਨਾਂ 'ਤੇ ਇਹ ਸਭ ਤੋਂ ਜ਼ਾਲਮਾਨਾ ਹਮਲਿਆਂ ਵਿਚੋਂ ਇਕ ਸੀ। 28 ਸਾਲ ਦੇ ਹਮਲਾਵਰ ਨੇ ਟਵਿੱਟਰ 'ਤੇ ਹਮਲੇ ਦੀ ਵੀਡੀਓ ਸਾਂਝੀ ਕੀਤੀ ਸੀ।

ਬਿਆਨ ਵਿਚ ਕਿਹਾ ਗਿਆ ਕਿ ਭਾਰਤ ਨੇ ਅੱਤਵਾਦੀਆਂ ਅਤੇ ਆਨਲਾਈਨ ਹਿੰਸਕ ਅੱਤਵਾਦੀ ਸਮੱਗਰੀ ਨੂੰ ਖਤਮ ਕਰਨ ਦੇ ਮਕਸਦ ਨਾਲ ਨਿਊਜ਼ੀਲੈਂਡ-ਫਰਾਂਸ ਦੀ ਸਾਂਝੀ ਪਹਿਲ ਦਾ ਵੀ ਸਮਰਥਨ ਕੀਤਾ। ਮੋਦੀ ਨਾਲ ਮੁਲਾਕਾਤ ਵਿਚ ਆਰਡਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਲੋਕ ਅਤੇ ਵਿਦਿਆਰਥੀ ਦੋਹਾਂ ਦੇਸ਼ਾਂ ਵਿਚਾਲੇ ਮਹੱਤਵਪੂਰਨ ਸੇਤੂ ਦਾ ਕੰਮ ਕਰਦੇ ਹਨ ਅਤੇ ਦੋਸਤੀ ਵਿਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਮੋਦੀ ਨੂੰ ਨਿਊਜ਼ੀਲੈਂਡ ਦੇ ਨਵੇਂ ਰਣਨੀਤਕ ਪੱਤਰ ਇੰਡੀਆ 2022 ਇੰਵੈਸਟਿੰਗ ਇਨ ਦਿ ਰਿਲੇਸ਼ਨਸ਼ਿਪ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਮੋਦੀ ਅਤੇ ਆਰਡਨ ਨੇ ਨਵੰਬਰ 2017 ਵਿਚ ਮਨੀਲਾ ਵਿਚ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਕਤੂਬਰ 2016 ਵਿਚ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਜਾਨ ਦੀ ਭਾਰਤ ਯਾਤਰਾ ਤੋਂ ਬਾਅਦ ਨਵੀਂ ਸੰਸਥਾਗਤ ਪ੍ਰਣਾਲੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਦੋ ਪੱਖੀ ਸਬੰਧਾਂ ਦਾ ਮਹੱਤਵਪੂਰਨ ਤਰੀਕੇ ਨਾਲ ਵਿਸਥਾਰ ਹੋਇਆ ਹੈ।


Sunny Mehra

Content Editor

Related News