ਕੈਨੇਡਾ ''ਚ MLA ਗੁਰਰਤਨ ਸਿੰਘ ਨੂੰ ਕਰਨਾ ਪਿਆ ਨਸਲਵਾਦ ਦਾ ਸਾਹਮਣਾ

09/04/2019 2:41:47 PM

ਬਰੈਂਪਟਨ— ਕੈਨੇਡਾ 'ਚ ਸਿੱਖ ਵਿਧਾਇਕ (ਐੱਮ. ਐੱਲ. ਏ.) ਗੁਰਰਤਨ ਸਿੰਘ ਮਿਸੀਸਾਗਾ 'ਚ ਮੁਸਲਮਾਨ ਭਾਈਚਾਰੇ ਦੇ ਇਕ ਸਮਾਗਮ 'ਚ ਸ਼ਮੂਲੀਅਤ ਕਰਨ ਪੁੱਜੇ ਸਨ ਅਤੇ ਇੱਥੇ ਉਨ੍ਹਾਂ ਨੂੰ ਸਟੀਫਨ ਗੇਰਵੀ ਨਾਂ ਦੇ ਵਿਅਕਤੀ ਦੇ ਤਿੱਖੇ ਤੇਵਰਾਂ ਦਾ ਸਾਹਮਣਾ ਕਰਨਾ ਪਿਆ। ਗੁਰਰਤਨ ਫੈਡਰਲ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਦੇ ਛੋਟੇ ਭਰਾ ਹਨ। ਜਾਣਕਾਰੀ ਮੁਤਾਬਕ ਗੁਰਰਤਨ ਨਾਲ ਬਹਿਸ ਕਰਨ ਵਾਲਾ ਵਿਅਕਤੀ 'ਨੈਸ਼ਨਲ ਸਿਟੀਜ਼ਨ ਅਲਾਇੰਸ' ਦਾ ਮੋਢੀ ਹੈ। ਅਸਲ 'ਚ ਉਹ ਗੁਰਰਤਨ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ 'ਤੇ ਸ਼ਬਦੀ ਵਾਰ ਕਰਨ ਲੱਗ ਗਿਆ ਸੀ ਤੇ ਪੁੱਛਣ ਲੱਗ ਗਿਆ ਕਿ ਕੀ ਉਹ ਸ਼ਰੀਅਤ ਨੂੰ ਮੰਨਦਾ ਹੈ। ਗੁਰਰਤਨ ਨੇ ਸਹਿਜਤਾ ਨਾਲ ਮੌਕਾ ਸੰਭਾਲਿਆ ਤੇ ਉਸ ਨੂੰ ਦੱਸਿਆ ਕਿ ਕੈਨੇਡਾ 'ਚ ਨਸਲਵਾਦ ਦੀ ਜ਼ਰੂਰਤ ਨਹੀਂ ਹੈ। ਫਿਰ ਵੀ ਸਟੀਫਨ ਗੁਰਰਤਨ ਦੀ ਗੱਲ ਨੂੰ ਟੋਕ ਰਿਹਾ ਸੀ ਤੇ ਆਪਣੀਆਂ ਹੀ ਗੱਲਾਂ ਸੁਣਾਉਂਦਾ ਰਿਹਾ। 
 

ਗੁਰਰਤਨ ਨੇ ਟਵੀਟ ਕਰਕੇ ਆਪਣੀ ਗੱਲ ਸਾਂਝੀ ਕੀਤੀ ਤੇ ਕਿਹਾ ਕਿ ਉਹ ਮੁਸਲਮਾਨ ਭੈਣ-ਭਰਾਵਾਂ ਨਾਲ ਮਿਲ ਕੇ ਆਖਦੇ ਹਨ ਕਿ ਨਫਰਤ ਕਰਨਾ ਗਲਤ ਹੈ। ਇਸ ਮਗਰੋਂ ਜਗਮੀਤ ਸਿੰਘ ਨੇ ਆਪਣੇ ਭਰਾ ਗੁਰਰਤਨ ਦੀ ਸਿਫਤ ਕਰਦਿਆਂ ਕਿਹਾ ਕਿ ਸਭ ਨੂੰ ਮਿਲ ਕੇ ਨਫਰਤ ਖਿਲਾਫ ਲੜਨ ਦੀ ਜ਼ਰੂਰਤ ਹੈ। ਪਿਛਲੀ ਵਾਰ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨਾਲ ਵੀ ਅਜਿਹਾ ਕੁਝ ਹੋ ਚੁੱਕਾ ਹੈ। ਜਗਮੀਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਸਮਝਦਾਰੀ 'ਤੇ ਮਾਣ ਹੈ।