ਕੈਨੇਡਾ : ਪਰਿਵਾਰ ਨਾਲ ਘੁੰਮਣ ਗਏ ਵਿਅਕਤੀ 'ਤੇ ਹਮਲਾ, ਹਸਪਤਾਲ 'ਚ ਭਰਤੀ

07/18/2018 12:48:45 PM

ਮਿਸੀਸਾਗਾ, (ਏਜੰਸੀ)— ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਪਾਰਕਿੰਗ ਕਰ ਰਹੇ ਇਕ ਵਿਅਕਤੀ 'ਤੇ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਹੁਣ ਉਹ ਜ਼ਖਮੀ ਵਿਅਕਤੀ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਹੈ। ਐਤਵਾਰ ਨੂੰ 'ਮਿਸੀਸਾਗਾ ਵੈਲੀ ਕਮਿਊਨਟੀ ਸੈਂਟਰ ਅਤੇ ਲਾਇਬ੍ਰੇਰੀ' ਨੇੜੇ ਮੁਹੰਮਦ ਅਬੂ ਮਾਰਜ਼ੋਉਕ ਨਾਂ ਦਾ ਵਿਅਕਤੀ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਪਿਕਨਿਕ ਮਨਾਉਣ ਗਿਆ ਸੀ। ਉਨ੍ਹਾਂ ਦੀ ਕਾਰ ਪਿੱਛੇ ਦੋ ਵਿਅਕਤੀ ਆ ਰਹੇ ਸਨ ਸਨ, ਜੋ ਅਬੂ ਨਾਲ ਝਗੜਾ ਕਰਨ ਲੱਗੇ । ਅਬੂ ਜਿਵੇਂ ਹੀ ਕਾਰ 'ਚੋਂ ਬਾਹਰ ਨਿਕਲਿਆ, ਦੋਵੇਂ ਵਿਅਕਤੀਆਂ ਨੇ ਅਬੂ ਨੂੰ ਕੁੱਟਣਾ- ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਅਬੂ ਦੇ ਸਿਰ 'ਤੇ ਇੰਨੀਆਂ ਕੁ ਸੱਟਾਂ ਮਾਰੀਆਂ ਕਿ ਉਸ ਦਾ ਸਿਰ ਫਟ ਗਿਆ ਅਤੇ ਉਹ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਿਆ। ਅਬੂ ਦੀ ਪਤਨੀ ਅਤੇ ਇਕ ਹੋਰ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਹਮਲਾਵਰ ਅਬੂ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਰਹੇ। ਇਸ ਦੌਰਾਨ ਅਬੂ ਦੀ ਪਤਨੀ ਅਤੇ ਮਦਦ ਕਰ ਰਹੇ ਵਿਅਕਤੀ ਦੇ ਵੀ ਸੱਟਾਂ ਲੱਗੀਆਂ। 
ਅਬੂ ਦੇ ਭਰਾ ਨੇ ਦੱਸਿਆ ਕਿ ਉਸ ਦੀ ਭਰਜਾਈ ਅਤੇ ਭਤੀਜੀਆਂ ਇੰਨੀਆਂ ਕੁ ਡਰ ਗਈਆਂ ਸਨ ਕਿ ਉਨ੍ਹਾਂ ਨੂੰ ਲੱਗਾ ਕਿ ਅਬੂ ਦੀ ਮੌਤ ਹੋ ਗਈ ਹੈ। ਉਨ੍ਹਾਂ ਬਹੁਤ ਮੁਸ਼ਕਲ ਨਾਲ ਆਪਣੇ-ਆਪ ਨੂੰ ਸੰਭਾਲਿਆ ਅਤੇ ਬਚਾਅ ਦਲ ਦੀ ਮਦਦ ਨਾਲ ਅਬੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਇਸ ਘਟਨਾ ਦੇ ਥੋੜ੍ਹੀ ਦੇਰ ਬਾਅਦ ਹੀ ਪੁਲਸ ਨੇ ਦੋਹਾਂ ਹਮਲਾਵਰਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਦੋਹਾਂ 'ਤੇ ਦੋਸ਼ ਲੱਗੇ ਹਨ। ਇਹ ਦੋਵੇਂ ਹਮਲਾਵਰ ਭਰਾ ਹਨ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਇਸ ਸਬੰਧੀ ਕੁੱਝ ਹੋਰ ਜਾਣਦੇ ਹੋਣ ਤਾਂ ਉਨ੍ਹਾਂ ਨੂੰ ਜ਼ਰੂਰ ਦੱਸਣ।