ਲਾਪਤਾ ਮਲੇਸ਼ੀਆਈ ਜਹਾਜ਼ ਦੀ ਖੋਜ ਜੂਨ ''ਚ ਬੰਦ ਹੋਣ ਦੀ ਸੰਭਾਵਨਾ

03/04/2018 9:54:54 AM

ਕੁਆਲਾਲੰਪੁਰ/ਸਿਡਨੀ (ਭਾਸ਼ਾ)— ਮਲੇਸ਼ੀਆ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਲਾਪਤਾ ਹੋਏ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਦੀ ਖੋਜ ਕਰ ਰਹੀ ਅਮਰੀਕੀ ਕੰਪਨੀ ਜੂਨ ਵਿਚ ਇਹ ਕੰਮ ਬੰਦ ਕਰ ਸਕਦੀ ਹੈ। ਫਿਲਹਾਲ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਲਾਪਤਾ ਹੋਏ ਇਸ ਜਹਾਜ਼ ਵਿਚ ਸਵਾਰ 239 ਲੋਕਾਂ ਦੇ ਪਰਿਵਾਰ ਵਾਲਿਆਂ ਨੇ ਇਸ ਹਾਦਸੇ ਦੀ ਚੌਥੀ ਬਰਸੀ 'ਤੇ ਇਹ ਉਮੀਦ ਜ਼ਾਹਰ ਕੀਤੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਇਸ 'ਹਵਾਬਾਜ਼ੀ ਗੁਪਤ ਸੱਚ' ਨੂੰ ਸੁਲਝਾ ਲਿਆ ਜਾਵੇਗਾ। ਇਸ ਜਹਾਜ਼ ਨੂੰ ਲਾਪਤਾ ਹੋਏ 4 ਸਾਲ ਹੋ ਚੁੱਕੇ ਹਨ ਪਰ ਹੁਣ ਤੱਕ ਇਸ ਬਾਰੇ ਵਿਚ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਆਖਿਰ ਇਹ ਜਹਾਜ਼ ਕਿੱਥੇ ਗਿਆ। ਮਲੇਸ਼ੀਆ ਨੇ 1 ਸਾਲ ਤੱਕ ਦੱਖਣੀ ਹਿੰਦ ਮਹਾਸਾਗਰ ਵਿਚ ਆਸਟ੍ਰੇਲੀਆ ਅਤੇ ਚੀਨ ਨਾਲ ਮਿਲ ਕੇ ਜਹਾਜ਼ ਦੀ ਅਧਿਕਾਰਿਕ ਖੋਜ ਕੀਤੀ ਸੀ। ਥੋੜ੍ਹੇ ਸਮੇਂ ਬਾਅਦ ਇਸ ਖੋਜ ਨੂੰ ਬੰਦ ਕਰ ਦਿੱਤਾ ਗਿਆ। 
ਅਧਿਕਾਰਿਕ ਤਲਾਸ਼ ਬੰਦ ਹੋਣ ਦੇ ਕਰੀਬ ਇਕ ਸਾਲ ਬਾਅਦ ਮਲੇਸ਼ੀਆ ਨੇ ਟੈਕਸਾਸ ਦੀ ਹਿਊਸਟਨ ਸਥਿਤ ਕੰਪਨੀ ਓਸ਼ਨ ਇਨਫਿਨਟੀ ਨਾਲ ਜਹਾਜ਼ ਦੀ ਖੋਜ ਲਈ ''ਸੁਰਾਗ ਨਹੀਂ ਤਾਂ ਫੀਸ ਵੀ ਨਹੀਂ'' ਦੇ ਆਧਾਰ ਤੇ ਇਸ ਸਾਲ ਜਨਵਰੀ ਵਿਚ ਸਮਝੌਤਾ ਕੀਤਾ ਅਤੇ ਜਹਾਜ਼ ਦੀ ਖੋਜ ਦੁਬਾਰਾ ਸ਼ੁਰੂ ਕੀਤੀ ਗਈ। ਕੰਪਨੀ ਨੇ 22 ਜਨਵਰੀ ਨੂੰ ਖੋਜ ਦਾ ਕੰਮ ਸ਼ੁਰੂ ਕੀਤਾ ਅਤੇ 90 ਦਿਨ ਤੱਕ ਜਾਰੀ ਰੱਖਿਆ। ਮਲੇਸ਼ੀਆ ਦੇ ਨਾਗਰਿਕ ਹਵਾਬਾਜ਼ੀ ਦੇ ਮੁਖੀ ਅਜ਼ਹਰੂਦੀਨ ਅਬਦੁੱਲ ਰਹਿਮਾਨ ਨੇ ਦੱਸਿਆ ਕਿ 90 ਦਿਨ ਦੀ ਮਿਆਦ ਨੂੰ ਕੁਝ ਸਮਾਂ ਵਧਾ ਦਿੱਤਾ ਜਾਵੇਗਾ ਕਿਉਂਕਿ ਖੋਜ ਕੰਮ ਵਿਚ ਲੱਗੇ ਜਹਾਜ਼ ਵਿਚ ਆਸਟ੍ਰੇਲੀਆ ਵਿਚ ਦੁਬਾਰਾ ਬਾਲਣ ਭਰਨਾ ਹੋਵੇਗਾ। ਖਰਾਬ ਮੌਸਮ ਵੀ ਇਕ ਕਾਰਕ ਹੋ ਸਕਦਾ ਹੈ। ਅਜ਼ਹਰੂਦੀਨ ਨੇ ਐਤਵਾਰ ਨੂੰ ਕਿਹਾ ਕਿ ਖੋਜ ਕੰਮ ਬਿਨਾ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ ਅਤੇ ਇਹ ਜੂਨ ਵਿਚ ਖਤਮ ਹੋ ਸਕਦਾ ਹੈ।