ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਮਾਰੇ ਜਾ ਰਹੇ ‘ਲਾਪਤਾ ਬਲੋਚ’

07/22/2022 11:52:11 AM

ਇਕ ਮਨੁੱਖੀ ਅਧਿਕਾਰ ਵਰਕਰ ਨੇ ਮੰਗਲਵਾਰ ਨੂੰ ਕਿਹਾ ਕਿ ਲਾਪਤਾ ਬਲੋਚ ਲੋਕਾਂ ਦੀ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਹਿਰਾਸਤ ’ਚ ਹੱਤਿਆ ਕੀਤੀ ਜਾ ਰਹੀ ਹੈ।ਸਥਾਨਕ ਮੀਡੀਆ ਨੇ ਦੱਸਿਆ ਕਿ ਬਲੋਚ ਮਨੁੱਖੀ ਅਧਿਕਾਰ ਵਰਕਰ ਮਾਮਾ ਕਦੀਰੋਚ ਵੱਲੋਂ ਬਲੋਚ ਲੋਕਾਂ ਦੇ ਕਤਲੇਆਮ ਦੇ ਵਿਰੁੱਧ ਇਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਲਾਪਤਾ ਲੋਕ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਹਿਰਾਸਤ ’ਚ ਮਾਰੇ ਜਾ ਰਹੇ ਹਨ। ਜਿਵੇਂ ਕਿ ਕੈਨੇਡਾ ਸਥਿਤ ਇਕ ਥਿੰਕ ਟੈਂਕ, ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਉਰਿਟੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਬਲੋਚਿਸਤਾਨ ਵਿਚ ਲੋਕਾਂ ਦੇ ਗਾਇਬ ਹੋਣ ਦੀ ਗਿਣਤੀ ਵਿਚ ਵਾਧੇ ਦੇ ਨਾਲ, ਸੂਬੇ ਵਿਚ ਇਕ ਵੀ ਪਰਿਵਾਰ ਅਜਿਹਾ ਨਹੀਂ ਹੈ, ਜਿਸਦੇ ਕਿਸੇ ਮੈਂਬਰ ਨੂੰ ਗਾਇਬ ਨਾ ਕੀਤਾ ਹੋਵੇ।

ਪਾਕਿਸਤਾਨੀ ਅਧਿਕਾਰੀਆਂ ਵੱਲੋਂ ਜਬਰੀ ਗਾਇਬ ਕਰਨ ਦੇ ਇਕ ਅੌਜਾਰ ਦੇ ਤੌਰ ’ਤੇ ਉਨ੍ਹਾਂ ਨੂੰ ਭੈਭੀਤ ਕਰਨ ਲਈ ਕੀਤੀ ਜਾਂਦੀ ਹੈ, ਜੋ ਦੇਸ਼ ਦੀ ਸਰਵਸ਼ਕਤੀਮਾਨ ਫੌਜ ਦੀ ਸਥਾਪਨਾ ’ਤੇ ਸਵਾਲ ਉਠਾਉਂਦੇ ਹਨ ਜਾਂ ਨਿੱਜੀ ਜਾਂ ਸਮਾਜਿਕ ਅਧਿਕਾਰਾਂ ਦੀ ਭਾਲ ਕਰਦੇ ਹਨ। ਰਿਪੋਰਟ ਦੱਸਦੀ ਹੈ ਕਿ ਇਹ ਇਕ ਅਜਿਹਾ ਅਪਰਾਧ ਹੈ, ਜਿਸ ਦੀ ਵਰਤੋਂ ਅਕਸਰ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਗ੍ਰਿਫਤਾਰੀ ਵਾਰੰਟ, ਦੋਸ਼ ਜਾਂ ਮੁਕੱਦਮੇ ਦੇ ‘ਰੁਕਾਵਟ ਜਾਂ ਸਿਰਦਰਦ’ ਮੰਨੇ ਜਾਣ ਵਾਲੇ ਲੋਕਾਂ ਤੋਂ ਖਹਿੜਾ ਛੁਡਾਉਣ ਲਈ ਕੀਤੀ ਜਾਂਦੀ ਹੈ। ਬਲੋਚਿਤਸਾਨ ’ਚ 2000 ਦੇ ਦਹਾਕੇ ਦੀ ਸ਼ੁਰੂਆਤ ਤੋਂ ਜ਼ਬਰਦਸਤੀ ਅਗਵਾ ਕੀਤੇ ਜਾ ਰਹੇ ਹਨ। ਅਕਸਰ ਇਨ੍ਹਾਂ ਅਗਵਾਹਾਂ ਦਾ ਸਭ ਤੋਂ ਵੱਧ ਟੀਚਾਬੱਧ ਵਰਗ ਵਿਦਿਅਾਰਥੀ ਹੁੰਦੇ ਹਨ। ਪੀੜਤਾਂ ’ਚ ਕਈ ਸਿਆਸੀ ਵਰਕਰ, ਪੱਤਰਕਾਰ, ਅਧਿਆਪਕ, ਡਾਕਟਰ, ਕਵੀ ਅਤੇ ਵਕੀਲ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਸਪੇਨ 'ਚ ਗਰਮੀ ਦਾ ਕਹਿਰ, ਹੀਟਵੇਵ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ (ਤਸਵੀਰਾਂ)

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ 20 ਸਾਲਾਂ ’ਚ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਪਾਕਿਸਤਾਨੀ ਫੌਜ ਦੇ ਜਵਾਨਾਂ ਵੱਲੋਂ ਹਜ਼ਾਰਾਂ ਬਲੋਚ ਲੋਕਾਂ ਦਾ ਅਗਵਾ ਕਰ ਲਿਆ ਗਿਆ ਹੈ। ਕਈ ਪੀੜਤਾਂ ਨੂੰ ਮਾਰ ਦਿੱਤਾ ਗਿਆ ਅਤੇ ਸੁੱਟ ਦਿੱਤਾ ਗਿਆ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ’ਚੋਂ ਕਈ ਅਜੇ ਵੀ ਪਾਕਿਸਤਾਨੀ ਤਸੀਹਾ ਸੈੱਲਾਂ ’ਚ ਬੰਦ ਹਨ। ਵਧੇਰੇ ਵਿਦਿਆਰਥੀਆਂ ਨੂੰ ਘਰਾਂ ਅਤੇ ਹੋਸਟਲਾਂ ’ਤੇ ਛਾਪੇ ਦੇ ਦੌਰਾਨ ਚੁੱਕੇ ਜਾਣ ਦੇ ਬਾਅਦ ਵਾਧੂ ਨਿਆਇਕ ਹਿਰਾਸਤ ’ਚ ਰੱਖਿਆ ਜਾਂਦਾ ਹੈ।

ਇਸ ਕੁਕਰਮ ਨੂੰ ਸਾਹਮਣੇ ਲਿਆਉਣ ਲਈ ਬਲੋਚਿਸਤਾਨ ’ਚ ਲਗਾਤਾਰ ਵਿਰੋਧ ਵਿਖਾਵੇ ਕੀਤੇ ਜਾ ਰਹੇ ਹਨ। ਜਬਰੀ ਗਾਇਬ ਹੋਏ ਵਿਅਕਤੀਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਲਾਪਤਾ ਲੋਕਾਂ ਦੇ ਵਿਰੁੱਧ ਮੁਹਿੰਮ ਚਲਾਉਣ ਲਈ ਵੁਆਇਸ ਫਾਰ ਬਲੋਚ ਮਿਸਿੰਗ ਪਰਸਨਜ਼ (ਵੀ.ਵੀ.ਐੱਮ.ਪੀ.) ਨਾਂ ਦੇ ਇਕ ਸੰਗਠਨ ਦਾ ਗਠਨ ਕੀਤਾ ਹੈ। ਵੀ. ਬੀ. ਐੱਮ. ਪੀ. ਵੱਲੋਂ ਭੁੱਖ ਹੜਤਾਲ ਕੀਤੀ ਗਈ, ਜੋ 4,670 ਦਿਨਾਂ ਤੋਂ ਵੱਧ ਸਮੇਂ ਤੋਂ ਜਾਰੀ ਹੈ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਇਸ ਨਿੰਦਣਯੋਗ ਕਾਰਵਾਈ ਵਿਚ ਸ਼ਾਮਲ ਹਨ।ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ, ਇਕ ਅਜਿਹਾ ਸੰਗਠਨ , ਜੋ ਸੂਬੇ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦਸਤਾਵੇਜ਼ ਕਰਦਾ ਹੈ, ਦੀ ਇਕ ਸਾਲਾਨਾ ਰਿਪੋਰਟ ’ ਚ ਕਿਹਾ ਗਿਆ ਹੈ ਕਿ ਵਿਦਿਆਰਥੀ ਇਨ੍ਹਾਂ ਅਗਵਾਹਾਂ ਦਾ ਮੁੱਖ ਟੀਚਾ ਬਣੇ ਰਹੇ , ਬਲੋਚਿਸਤਾਨ ’ਚ ਅਤੇ ਨਾਲ ਹੀ ਪਾਕਿਸਤਾਨ ਦੇ ਹੋਰਨਾਂ ਸੂਬਿਆਂ ’ਚ ਵੀ।

ਅਸ਼ੋਕ ਮਿਸ਼ਰਾ

Vandana

This news is Content Editor Vandana