ਕੈਨੇਡਾ : ਬਰੈਂਪਟਨ ''ਚ ਗੰਭੀਰ ਜ਼ਖਮੀ ਹਾਲਤ ''ਚ ਲਾਪਤਾ 5 ਸਾਲਾ ਲੜਕਾ ਮਿਲਿਆ

07/19/2018 5:57:38 PM

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਵੀਰਵਾਰ ਦੀ ਸਵੇਰ ਨੂੰ ਲਾਪਤਾ ਹੋਇਆ 5 ਸਾਲਾ ਲੜਕਾ ਪੁਲਸ ਨੂੰ ਮਿਲ ਗਿਆ ਹੈ ਪਰ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਜਾਣਕਾਰੀ ਪੀਲ ਪੈਰਾ-ਮੈਡੀਕਲ ਅਧਿਕਾਰੀਆਂ ਨੇ ਦਿੱਤੀ। ਲੜਕੇ ਦਾ ਨਾਂ ਡੇਵੀਅਨ ਡਾਨ ਹੈ। ਪੀਲ ਰੀਜਨਲ ਪੁਲਸ ਨੇ ਕਿਹਾ ਕਿ ਲੜਕਾ ਵੀਰਵਾਰ ਤੜਕਸਾਰ ਬਰੈਂਪਟਨ ਸਥਿਤ ਕੁਈਨ ਸਟਰੀਟ ਦੇ ਮੈਕਹਾਰਡ ਕੋਰਟ ਸਥਿਤ ਘਰ 'ਚੋਂ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦੀ ਮਾਂ ਜਦੋਂ ਜਾਗੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਲਾਪਤਾ ਹੋ ਗਿਆ। ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਜਿੱਥੋਂ ਉਹ ਬਾਹਰ ਚਲਾ ਗਿਆ। ਲੜਕੇ ਦੀ ਮਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਸਵੇਰੇ 6.00 ਵਜੇ ਦੇ ਕਰੀਬ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਇਲਾਕੇ ਵਿਚ ਲੜਕੇ ਦੀ ਭਾਲ ਸ਼ੁਰੂ ਕੀਤੀ।
ਪੁਲਸ ਨੇ ਕਿਹਾ ਕਿ ਲੜਕਾ ਘਰ ਤੋਂ ਕੁਝ ਹੀ ਦੂਰੀ 'ਤੇ ਰੇਲਵੇ ਟਰੈੱਕ ਨੇੜੇ ਮਿਲਿਆ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਡੇਵੀਅਨ ਡਾਨ ਕਿਵੇਂ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਲੜਕੇ ਨੂੰ ਬਰੈਂਪਟਨ ਸਿਵਲ ਹਸਪਤਾਲ 'ਚ ਟਰਾਂਸਫਰ ਕੀਤਾ ਗਿਆ।