ਜਮੈਕਾ ਦੀ ਟੋਨੀ ਐੱਨ ਸਿੰਘ ਬਣੀ Miss World, ਭਾਰਤ ਦੀ ਸੁਮਨ ਰਹੀ ਤੀਜੇ ਸਥਾਨ ‘ਤੇ

12/15/2019 9:38:38 AM

ਲੰਡਨ— ਜਮੈਕਾ ਦੀ ਰਹਿਣ ਵਾਲੀ ਟੋਨੀ ਐੱਨ ਸਿੰਘ ਨੂੰ 'ਮਿਸ ਵਰਲਡ 2019' ਚੁਣਿਆ ਗਿਆ ਹੈ। ਇਸ ਪ੍ਰੋਗਰਾਮ ਦਾ ਪ੍ਰਬੰਧ ਲੰਡਨ 'ਚ ਕੀਤਾ ਗਿਆ। 2018 ਦੀ ਮਿਸ ਵਰਲਡ ਵੈਨੇਸਾ ਪੋਂਸ ਨੇ ਉਨ੍ਹਾਂ ਦੇ ਸਿਰ ਮਿਸ ਵਰਲਡ ਦਾ ਤਾਜ ਸਜਾਇਆ। ਟੋਨੀ ਐੱਨ ਸਿੰਘ ਦੇ ਪਿਤਾ ਇੰਡੋ-ਕੈਰੇਬੀਅਨ ਮੂਲ ਦੇ ਹਨ।

ਵੈਨੇਸਾ ਮੈਕਸੀਕੋ ਦੀ ਰਹਿਣ ਵਾਲੀ ਹੈ। 2019 'ਚ ਚੁਣੀਆਂ ਗਈਆਂ ਮਿਸ ਯੂਨੀਵਰਸ ਤੇ ਮਿਸ ਵਰਲਡ ਦੋਵੇਂ ਗੈਰ-ਗੋਰੀਆਂ ਸੁੰਦਰੀਆਂ ਹਨ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਸਾਊਥ ਅਫਰੀਕਾ ਦੀ 26 ਸਾਲਾ ਜੋਜਿਬਿਨੀ ਟੁੰਜੀ 'ਮਿਸ ਯੂਨੀਵਰਸ 2019' ਚੁਣੀ ਗਈ ।

ਇਸ ਸਾਲ ਬਿਊਟੀ ਵਰਲਡ 'ਚ ਭਾਰਤ ਦੀ ਸੁਮਨ ਰਾਓ ਨੇ ਵੀ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਉਹ ਤੀਜੇ ਨੰਬਰ 'ਤੇ ਰਹੀ। ਦੂਜੇ ਨੰਬਰ 'ਤੇ ਮਿਸ ਫਰਾਂਸ ਓਪੇਲੀ ਮੇਜਿਨੋ ਰਹੀ। ਸੁਮਨ ਨੇ 'ਮਿਸ ਵਰਲਡ ਏਸ਼ੀਆ 2019' ਦਾ ਵੀ ਤਾਜ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਜੂਨ 'ਚ ਉਨ੍ਹਾਂ ਨੂੰ 'ਮਿਸ ਇੰਡੀਆ 2019' ਚੁਣਿਆ ਗਿਆ ਸੀ। 20 ਸਾਲ ਦੀ ਸੁਮਨ ਰਾਓ ਰਾਜਸਥਾਨ ਦੀ ਰਹਿਣ ਵਾਲੀ ਹੈ। ਉਹ ਆਪਣੇ ਭਵਿੱਖ ਬਾਲੀਵੁੱਡ 'ਚ ਦੇਖ ਰਹੀ ਹੈ। ਮਿਸ ਇੰਡੀਆ ਚੁਣੇ ਜਾਣ ਦੇ ਬਾਅਦ ਤੋਂ ਉਹ ਲਗਾਤਾਰ ਮਾਡਲਿੰਗ ਅਸਾਈਨਮੈਂਟ 'ਚ ਲੱਗੀ ਹੈ।

ਮਿਸ ਵਰਲਡ ਟੋਨੀ ਸਿੰਘ ਦੀ ਗੱਲ ਕਰੀਏ ਤਾਂ ਉਹ ਫਲੋਰੀਡਾ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੀ ਹੈ। ਉਹ ਸਾਈਕਾਲੋਜੀ ਦੀ ਵਿਦਿਆਰਥਣ ਹੈ ਤੇ ਡਾਕਟਰ ਬਣਨਾ ਚਾਹੁੰਦੀ ਹੈ।