24 ਘੰਟਿਆਂ 'ਚ ਬੱਚੇ ਨੂੰ ਹੋਏ 25 ਹਾਰਟ ਅਟੈਕ, ਕਿਹਾ ਜਾਂਦੈ 'ਮਿਰੇਕਲ ਬੇਬੀ'

01/21/2019 1:46:23 PM

ਲੰਡਨ(ਏਜੰਸੀ)— ਇਸ ਨੂੰ ਚਮਤਕਾਰ ਹੀ ਕਿਹਾ ਜਾਵੇਗਾ ਕਿ 9 ਮਹੀਨੇ ਦੇ ਇਕ ਬੱਚੇ ਨੂੰ 24 ਘੰਟਿਆਂ ਦੌਰਾਨ 25 ਵਾਰ ਹਾਰਟ ਅਟੈਕ ਆਏ, ਫਿਰ ਵੀ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਬ੍ਰਿਟੇਨ ਦੇ ਡਾਕਟਰ ਵੀ ਨਾ ਸਿਰਫ ਹੈਰਾਨ ਹਨ ਸਗੋਂ ਥਿਓ ਫਰਾਈ ਨਾਂ ਦੇ ਇਸ ਬੱਚੇ ਨੂੰ 'ਮਿਰੇਕਲ ਬੇਬੀ' ਵੀ ਕਹਿੰਦੇ ਹਨ। ਇੰਗਲੈਂਡ ਹੀ ਨਹੀਂ ਪੂਰੀ ਦੁਨੀਆ 'ਚ ਇਸ ਬੱਚੇ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਇਹ ਬੱਚਾ 19 ਮਹੀਨਿਆਂ ਦਾ ਹੋ ਗਿਆ ਅਤੇ ਬਿਲਕੁਲ ਠੀਕ ਹੈ। 

ਮਈ 2017 'ਚ ਪੈਦਾ ਹੋਇਆ ਬੱਚਾ ਥਿਓ 8 ਦਿਨ ਬਾਅਦ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਉਹ ਬਲੱਡ ਪੁਆਇਜ਼ਨਿੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦਾ ਸਾਰਾ ਸਰੀਰ ਨੀਲੇ ਅਤੇ ਭੂਰੇ ਰੰਗ ਦਾ ਹੋ ਗਿਆ ਸੀ। ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਬਲੱਡ ਪੁਆਇਜ਼ਨਿੰਗ ਕਾਰਨ ਉਸ ਦੇ ਦਿਲ 'ਚ ਦੋ ਛੇਕ ਵੀ ਹੋ ਗਏ ਸਨ। ਜਿਸ ਕਾਰਨ ਖੂਨ ਚੰਗੀ ਤਰ੍ਹਾਂ ਸਰੀਰ 'ਚ ਪੰਪ ਨਹੀਂ ਕਰਦਾ ਸੀ। ਡਾਕਟਰਾਂ ਦੀ ਸਲਾਹ 'ਤੇ ਥਿਓ ਦੇ ਮਾਂ-ਬਾਪ ਨੇ ਬੱਚੇ ਦੀ ਓਪਨ ਹਾਰਟ ਸਰਜਰੀ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ। ਆਪ੍ਰੇਸ਼ਨ ਦੌਰਾਨ ਬੱਚੇ ਨੂੰ ਦੋ ਵਾਰ ਦਿਲ ਦੇ ਦੌਰੇ ਪਏ, ਜਿਸ ਕਾਰਨ ਉਸ ਦੇ ਦਿਲ ਨੇ ਫਿਰ ਕੰਮ ਕਰਨਾ ਬੰਦ ਕਰ ਦਿੱਤਾ ਪਰ ਉਸ ਦੀ ਹਾਲਤ ਸਥਿਰ ਰਹੀ। ਜੁਲਾਈ 'ਚ ਉਸ ਨੂੰ ਹਸਪਤਾਲ 'ਚੋਂ ਡਿਸਚਾਰਜ ਕਰ ਦਿੱਤਾ ਗਿਆ।

21 ਦਸੰਬਰ ਨੂੰ ਥਿਓ ਦੇ ਦਿਲ ਦੀ ਧੜਕਣ ਵਧ ਗਈ। ਉਸ ਨੂੰ ਦੋਬਾਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਸ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਸੀ। 31 ਜਨਵਰੀ ਨੂੰ ਉਸ ਨੂੰ 24 ਘੰਟਿਆਂ 'ਚ 25 ਵਾਰ ਦਿਲ ਦੇ ਦੌਰੇ ਪਏ। ਥਿਓ ਦੀ ਮਾਂ ਨੇ ਦੱਸਿਆ ਕਿ ਜਦ ਹਸਪਤਾਲ 'ਚ ਖਤਰੇ ਦੀ ਘੰਟੀ ਵੱਜਦੀ ਸੀ ਤਾਂ ਉਹ ਡਰ ਜਾਂਦੀ ਸੀ। ਅਖੀਰ ਡਾਕਟਰਾਂ ਨੂੰ ਪਤਾ ਲੱਗਾ ਕਿ ਬੱਚੇ ਦਾ ਦਿਲ ਦਾ ਖੱਬਾ ਹਿੱਸਾ ਟਿਸ਼ੂ ਨਾਲ ਢੱਕਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਆਪਰੇਸ਼ਨ ਕਰ ਕੇ ਹਟਾ ਦਿੱਤਾ ਗਿਆ ਅਤੇ ਉਸ ਦੇ ਦਿਲ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਮੈਡੀਕਲ ਹਿਸਟਰੀ 'ਚ ਥਿਓ 'ਮਿਰੇਕਲ ਬੇਬੀ'—
ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਕਲ ਦੇ ਇਤਿਹਾਸ 'ਚ ਇਹ ਬੱਚਾ ਮਿਰੇਕਲ ਬੇਬੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਨੂੰ 24 ਘੰਟਿਆਂ ਦੇ ਅੰਦਰ 25 ਵਾਰ ਦਿਲ ਦੇ ਦੌਰੇ ਪਏ। ਡਾਕਟਰਾਂ ਦੀ ਟੀਮ ਨੂੰ ਵੀ ਡਰ ਸੀ ਕਿ ਬੱਚੇ ਦੀ ਜਾਨ ਜਾ ਸਕਦੀ ਸੀ ਪਰ ਇਹ ਚਮਤਕਾਰ ਹੀ ਸੀ ਕਿ ਬੱਚਾ ਇੰਨੇ ਅਟੈਕ ਮਗਰੋਂ ਵੀ ਸਿਹਤਮੰਦ ਹੈ।