ਪਨਾਮਾ ਪੇਪਰ ਮਾਮਲਾ: ਇਸਹਾਕ ਡਾਰ ਦੀ ਜਲਦੀ ਹੋਵੇਗੀ ਵਿੱਤ ਮੰਤਰੀ ਦੇ ਅਹੁਦੇ ਤੋਂ ਛੁੱਟੀ

11/19/2017 11:54:12 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਇਸਹਾਕ ਡਾਰ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲੇ 'ਤੇ ਸਰਕਾਰ ਦੀ ਉੱਚ ਪੱਧਰੀ ਬੈਠਕ ਵਿਚ ਫੈਸਲਾ ਲਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਮਨਜ਼ੂਰੀ ਮਿਲਣ ਮਗਰੋਂ ਇਹ ਫੈਸਲਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਇਕ ਗੈਰ ਚੁਣੇ ਹੋਏ ਸਲਾਹਕਾਰ ਨੂੰ ਨਿਯੁਕਤ ਕੀਤਾ ਜਾਵੇ। ਆਉਣ ਵਾਲੇ ਕੁਝ ਦਿਨਾਂ ਵਿਚ ਫੈਸਲਾ ਜਨਤਕ ਕਰ ਦਿੱਤਾ ਜਾਵੇਗਾ। 
ਵਿੱਤ ਮੰਤਰੀ ਲਈ ਪੀ. ਪੀ. ਪੀ. ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁੱਕੇ ਸ਼ੌਕਤ ਤਾਰਿਨ, ਪਰਵੇਜ਼ ਮੁਸ਼ਰੱਫ ਸਰਕਾਰ ਦੌਰਾਨ ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਰਹੇ ਡਾਕਟਰ ਇਸ਼ਰਤ ਹੁਸੈਨ ਦੇ ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਆਰਥਿਕ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਮਿਫਤਾਹ ਇਸਮਾਈਲ ਦਾ ਨਾਂ ਵੀ ਇਸ ਸੂਚੀ ਵਿਚ ਹੈ। ਇਸਹਾਕ ਡਾਰ 'ਤੇ ਭ੍ਰਿਸਟਾਚਾਰ ਦੇ ਮਾਮਲੇ ਵਿਚ 27 ਸਤੰਬਰ ਨੂੰ ਦੋਸ਼ ਤੈਅ ਕੀਤੇ ਗਏ ਸਨ। ਹਾਲਾਂਕਿ ਉਹ ਉਦੋਂ ਤੋਂ ਵਿੱਤ ਮੰਤਰੀ ਦੇ ਅਹੁਦੇ 'ਤੇ ਬਣੇ ਹੋਏ ਹਨ।