ਅਫਗਾਨਿਸਤਾਨ: ਬੱਸ 'ਚ ਧਮਾਕਾ, 16 ਲੋਕਾਂ ਦੀ ਮੌਤ

05/22/2018 5:37:52 PM

ਕੰਧਾਰ— ਦੱਖਣੀ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ 'ਚ ਮੰਗਲਵਾਰ ਨੂੰ ਸੁਰੱਖਿਆ ਚੌਕੀਆਂ ਕੋਲ ਇਕ ਮਿੰਨੀ ਬੱਸ 'ਚ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲਗਾਤਾਰ ਹਮਲੇ ਜਾਰੀ ਹਨ। ਮਿੰਨੀ ਬੱਸ 'ਚ ਧਮਾਕਾ ਹੋਣ ਕਾਰਨ ਉੱਥੇ ਧੂੰਏਂ ਦਾ ਗੁਬਾਰ ਦੇਖਿਆ ਗਿਆ। 
ਕੰਧਾਰ ਸੂਬਾਈ ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਕਿ 16 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਐੱਨ. ਡੀ. ਐੱਸ. ਖੁਫੀਆ ਸੇਵਾ ਨੇ ਮਿੰਨੀ ਬਸ ਨੂੰ ਜਾਂਚ ਚੌਕੀ ਕੋਲ ਰੋਕਿਆ ਪਰ ਇਹ ਸਾਫ ਨਹੀਂ ਹੋ ਸਕਿਆ ਕਿ ਧਮਾਕਾ ਕਿਸ ਨੂੰ ਟੀਚਾ ਬਣਾ ਕੇ ਕੀਤਾ ਗਿਆ ਸੀ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਰਾਜਧਾਨੀ ਕਾਬੁਲ ਵਿਚ ਬੰਬ ਧਮਾਕਿਆਂ 'ਚ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ ਪਰ ਸੂਬਾਈ ਸ਼ਹਿਰਾਂ ਨੂੰ ਵੀ ਤਾਲਿਬਾਨ ਨੇ ਨਿਸ਼ਾਨਾ ਬਣਾਇਆ ਹੈ, ਜੋ ਕਿ ਕਟੜਪੰਥੀ ਇਸਲਾਮੀ ਸ਼ਾਸਨ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ। ਇੱਥੇ ਦੱਸ ਦੇਈਏ ਕਿ ਕੰਧਾਰ ਸੂਬਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਸ਼ਹਿਰ ਹੈ, ਜੋ ਕਿ ਅਫੀਮ ਦੀ ਖੇਤੀ ਦਾ ਇਕ ਮੁੱਖ ਕੇਂਦਰ ਹੈ।