ਔਰਤਾਂ ਦੇ ਹੱਕ ਲਈ ਲੜਨ ਵਾਲੀ ਮਿਲੀਸੈਂਟ ਫਾਵਸੈਟ ਦਾ ਲੰਡਨ ''ਚ ਲਾਇਆ ਗਿਆ ਬੁੱਤ

04/25/2018 6:11:40 PM

ਲੰਡਨ (ਰਾਜਵੀਰ ਸਮਰਾ)— ਲੰਡਨ ਦੇ ਪਾਰਲੀਮੈਂਟ ਸਕੂਏਅਰ ਵਿਚ ਦੁਨੀਆਂ ਦੇ 11 ਇਤਿਹਾਸਕ ਮਰਦਾ ਦੇ ਬੁੱਤ ਲੱਗੇ ਹੋਏ ਹਨ, ਜਿਨ੍ਹਾਂ 'ਚ ਚਰਚਲ, ਨੈਲਸਨ ਮੰਡੇਲਾ, ਅਬਰਾਹਿਮ ਲਿੰਕਨ ਅਤੇ ਗਾਂਧੀ ਸ਼ਾਮਲ ਹਨ। ਮਿਲੀਸੈਂਟ ਫਾਵਸੈਟ ਪਹਿਲੀ ਔਰਤ ਹੈ, ਜਿਸ ਦਾ ਬੁੱਤ ਉਨ੍ਹਾਂ ਦੇ ਨਾਲ ਲਗਾਇਆ ਗਿਆ ਹੈ। ਦਿਨ ਮੰਗਲਵਾਰ 24 ਅਪ੍ਰੈਲ 2018 ਨੂੰ ਇਹ ਕੈਰੋਲਾਇਨ ਕਾਰੀਆਡੋ ਪਰੇਜ ਦੇ ਦੋ ਸਾਲ ਦੀ ਜਦੋ-ਜਹਿੱਦ ਕਰਨ ਨਾਲ ਸੰਭਵ ਹੋ ਸਕਿਆ ਜਿਸ ਨੇ 85,000 ਲੋਕਾਂ ਤੋਂ ਪਟੀਸ਼ਨ 'ਤੇ ਦਸਤਖਤ ਕਰਵਾਏ ਸਨ। ਮਿਲੀਸੈਂਟ ਫਾਸੈਟ ਨੇ ਔਰਤਾਂ ਨਾਲ ਮਿਲ ਕੇ ਸਾਲ 1897 ਵਿਚ 'ਨੈਸ਼ਨਲ ਯੂਨੀਅਨ ਆਫ ਵਿਮੈਨ ਸਫਰੇਜ ਸੋਸਾਇਟੀ' ਨਾਂ ਦੀ ਸੰਸਥਾ ਬਣਾਈ ਸੀ। ਉਸ ਤੋਂ ਪਹਿਲਾਂ 1866 ਵਿਚ ਜਦੋਂ ਉਹ ਸਿਰਫ 19 ਸਾਲ ਦੀ ਸੀ, ਨੇ ਔਰਤਾਂ ਦੀ ਦੁੱਖਾਂ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਦਸਤਖਤ ਕਰਵਾ ਕੇ ਪਹਿਲੀ ਪਟੀਸ਼ਨ ਪਾਰਲੀਮੈਂਟ ਨੂੰ ਦਿਤੀ ਸੀ। ਲਗਾਤਾਰ ਇਕ ਲੰਬੇ ਸੰਘਰਸ਼ ਤੋਂ ਬਾਅਦ 1928 ਵਿਚ ਔਰਤਾਂ ਦੇ ਹੱਕ ਲਈ 'ਇਕੁਅਲ ਫਰੈਂਚਾਈਜ਼' ਬਿੱਲ ਪਾਸ ਹੋਇਆ।  
ਇਸ ਤੋਂ ਸਿਰਫ ਇਕ ਸਾਲ ਬਾਅਦ 1929 ਨੂੰ ਉਸ ਦਾ ਦੇਹਾਂਤ ਹੋ ਗਿਆ ਸੀ ਅਤੇ ਉਸ ਦਾ ਇਕ ਵੀ ਬੁੱਤ ਕਿਤੇ ਵੀ ਨਹੀਂ ਲਗਾਇਆ ਗਿਆ। ਫਾਵਸੈਟ ਦਾ ਇਹ ਸੰਘਰਸ਼ ਅਹਿੰਸਾਵਾਦੀ ਢੰਗ ਨਾਲ ਚਲਾਇਆ ਗਿਆ, ਜਿਸ ਵਿਚ ਜਲਸੇ ਜਲੂਸ ਕੱਢਣੇ, ਭੁੱਖ ਹੜਤਾਲ ਅਤੇ ਆਪਣੇ-ਆਪ ਨੂੰ  ਬੰਨ੍ਹਣਾ ਜਿਸ ਨਾਲ ਪੁਲਸ ਉਨ੍ਹਾਂ ਨੂੰ ਖਦੇੜ ਨਾ ਸਕੇ। ਬਹੁਤ ਵਾਰ ਔਰਤਾਂ ਨੂੰ ਪੁਲਸ ਦੇ ਘੋੜਿਆਂ ਦੇ ਖੁਰਾਂ ਹੇਠਾਂ ਮਿੱਧਿਆ ਗਿਆ ਸੀ।
ਓਧਰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਜੇ ਮਿਲੀਸੈਂਟ ਫਾਵਸੈਟ ਨਾ ਹੁੰਦੀ ਤਾਂ ਅੱਜ ਮੈਂ ਪ੍ਰਧਾਨ ਮੰਤਰੀ ਨਾ ਹੁੰਦੀ ਅਤੇ ਨਾ ਹੀ ਹੋਰ ਔਰਤਾਂ ਐੱਮ. ਪੀ. ਹੁੰਦੀਆਂ। ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਔਰਤਾਂ ਦੇ ਹੱਕ ਲਈ ਇਹ ਸੰਘਰਸ਼ ਚੱਲ ਰਿਹਾ ਸੀ ਤਾਂ ਭਾਰਤ ਤੋਂ ਡਾ. ਭੀਮ ਰਾਓ ਅੰਬੇਡਕਰ ਵੀ 1921-22 ਦੇ ਵਿਚ ਲੰਡਨ 'ਚ ਪੜ੍ਹਨ ਲਈ ਆਏ ਹੋਏ ਸਨ। ਉਨ੍ਹਾਂ ਨੇ ਇਸ ਲੜਾਈ ਨੂੰ ਅੱਖੀਂ ਵੇਖਿਆ ਅਤੇ ਮਹਿਸੂਸ ਕੀਤਾ ਸੀ।