ਵੈਨਜ਼ੁਏਲਾ ''ਚ ਫੌਜੀ ਮੁਹਿੰਮ ਕਿਸੇ ਨੂੰ ਡਰਾਉਣ ਲਈ ਨਹੀਂ : ਮਾਦੁਰੋ

09/11/2019 11:33:18 AM

ਕੋਲੰਬੀਆ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਕੋਲੰਬੀਆ ਦੀ ਸਰਹੱਦ ਕੋਲ ਵੱਡੇ ਪੈਮਾਨੇ 'ਤੇ ਫੌਜੀ ਮੁਹਿੰਮ ਕਿਸੇ ਨੂੰ ਡਰਾਉਣ ਲਈ ਨਹੀਂ ਬਲਕਿ ਵੈਨਜ਼ੁਏਲਾ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਹੈ। ਮਾਦੁਰੋ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ 10 ਤੋਂ 28 ਸਤੰਬਰ ਵਿਚਕਾਰ ਕੋਲੰਬੀਆ ਦੀ ਸਰਹੱਦ ਕੋਲ ਵੱਡੇ ਪੈਮਾਨੇ 'ਤੇ ਫੌਜੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਵੈਨਜ਼ੁਏਲਾ ਫੌਜੀ ਮੁਹਿੰਮ ਦੌਰਾਨ ਕੋਲੰਬੀਆ ਨਾਲ ਲੱਗਦੀ ਆਪਣੀ ਸਰਹੱਦ 'ਤੇ ਹਵਾਈ ਰੱਖਿਆ ਪ੍ਰਣਾਲੀ ਤਾਇਨਾਤ ਕਰੇਗਾ। ਉਨ੍ਹਾਂ ਕਿਹਾ,''ਅਸੀਂ ਕਿਸੇ ਨੂੰ ਡਰਾ ਨਹੀਂ ਰਹੇ ਹਾਂ। ਵੈਨਜ਼ੁਏਲਾ ਦੀ ਫੌਜ ਨੇ ਕਿਸੇ ਨੂੰ ਡਰਾਉਣ ਤੇ ਦੂਜੇ ਦੇਸ਼ ਦੀ ਸਰਹੱਦ ਦਾ ਉਲੰਘਣ ਕਰਨ ਦੇ ਮਕਸਦ ਨਾਲ ਕਦੇ ਸਰਹੱਦ ਪਾਰ ਨਹੀਂ ਕੀਤੀ ਅਤੇ ਭਵਿੱਖ 'ਚ ਵੀ ਅਜਿਹਾ ਕਦੇ ਨਹੀਂ ਹੋਵੇਗਾ। ਸਾਡੀ ਫੌਜ ਦੀ ਮੁੱਖ ਵਿਚਾਰਧਾਰਾ ਆਤਮ ਰੱਖਿਆ ਰਣਨੀਤੀ ਹੈ ਪਰ ਜੇਕਰ ਉਸ ਨੂੰ ਆਪਣੇ ਦੇਸ਼ ਦੀ ਸੁਰੱਖਿਆ ਲਈ ਹਥਿਆਰ ਚੁੱਕਣਾ ਪਿਆ ਤਾਂ ਵੈਨਜ਼ੁਏਲਾ ਦੀ ਫੌਜ ਪੂਰੀ ਤਰ੍ਹਾਂ ਤਿਆਰ ਹੈ।''

ਜ਼ਿਕਰਯੋਗ ਹੈ ਕਿ ਵੈਨਜ਼ੁਏਲਾ 'ਚ ਵਿਰੋਧੀ ਦਲ ਨੇ ਜਨਵਰੀ 'ਚ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਿਸ ਦੇ ਕਾਰਨ ਰਾਸ਼ਟਰਪਤੀ ਅਤੇ ਵਿਰੋਧੀਆਂ ਵਿਚਕਾਰ ਸੰਘਰਸ਼ ਹੋਇਆ ਸੀ। ਮਾਦੁਰੋ ਨੇ ਕੋਲੰਬੀਆ 'ਤੇ ਤਖਤਾਪਲਟ ਅਤੇ ਉਨ੍ਹਾਂ ਦੀ ਹੱਤਿਆ ਦੀ ਸਾਜਸ਼ ਰਚਣ 'ਚ ਵਿਰੋਧੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸ ਸਮੇਂ ਤੋਂ ਹੀ ਵੈਨਜ਼ੁਏਲਾ ਅਤੇ ਕੋਲੰਬੀਆ ਵਿਚਕਾਰ ਸਬੰਧ ਅਤੇ ਤਣਾਅਪੂਰਣ ਹੋ ਗਏ। ਕੋਲੰਬੀਆ ਹਾਲਾਂਕਿ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਾ ਰਿਹਾ ਹੈ।