ਉਮੀਦਾਂ 'ਤੇ ਫਿਰਿਆ ਪਾਣੀ, ਲਾਪਤਾ ਜਹਾਜ਼ ਐੱਮ. ਐੱਚ370 ਦਾ ਮਿਲਣਾ ਹੁਣ ਰੱਬ ਆਸਰੇ

02/08/2018 3:45:13 PM

ਕੁਆਲਾਲੰਪੁਰ/ਆਸਟ੍ਰੇਲੀਆ— 8 ਮਾਰਚ 2014 ਨੂੰ ਲਾਪਤਾ ਹੋਏ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ370 ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜਹਾਜ਼ ਵਿਚ 239 ਯਾਤਰੀ ਸਵਾਰ ਸਨ। ਜਹਾਜ਼ ਨੇ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰੀ ਸੀ ਪਰ ਰਸਤੇ ਵਿਚੋਂ ਹੀ ਲਾਪਤਾ ਹੋ ਗਿਆ ਸੀ। ਇਸ ਜਹਾਜ਼ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਕਿਤੇ ਉਮੀਦ ਦੀ ਕਿਰਨ ਜਾਗ ਜਾਵੇ ਪਰ ਇਸ ਜਹਾਜ਼ ਨੂੰ ਲੱਭਣ ਦੀ ਉਮੀਦ ਨਾਲ ਨਿਕਲਿਆ ਸਮੁੰਦਰੀ ਜਹਾਜ਼ ਵੀ ਲਾਪਤਾ ਹੋ ਗਿਆ। ਲਾਪਤਾ ਜਹਾਜ਼ ਐੱਮ. ਐੱਚ370 ਨੂੰ ਲੱਭਣ ਦੀਆਂ ਉਮੀਦਾਂ 'ਤੇ ਇਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਹੈ। 


ਦੱਸਿਆ ਜਾ ਰਿਹਾ ਹੈ ਕਿ ਲਾਪਤਾ ਜਹਾਜ਼ ਐੱਮ. ਐੱਚ370 ਨੂੰ ਲੱਭਣ ਨਿਕਲਿਆ ਸਮੁੰਦਰੀ ਜਹਾਜ਼ ਵੀ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੈ। ਇਸ ਜਹਾਜ਼ 'ਚ ਲੱਗੀ ਆਟੋਮੈਟਿਕ ਪਹਿਚਾਣ ਪ੍ਰਣਾਲੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਓਸ਼ੀਅਨ ਇਨਫੀਨਿਟੀ ਕੰਪਨੀ ਵਲੋਂ ਸ਼ੁਰੂ ਕੀਤੀ ਗਈ ਇਸ ਤਲਾਸ਼ੀ ਮੁਹਿੰਮ 'ਚ ਹਵਾਬਾਜ਼ੀ ਖੇਤਰ ਦੇ ਸਭ ਤੋਂ ਵੱਡੇ ਰਹੱਸ ਦੇ ਸੁਲਝਣ ਦੀ ਉਮੀਦ ਸੀ। ਹੁਣ ਇਸ ਦਾ ਮਲੇਸ਼ੀਆ ਦੀ ਸਰਕਾਰ ਅਤੇ 'ਓਸ਼ੀਅਨ ਇਨਫੀਨਿਟੀ' ਕੰਪਨੀ ਕੋਲ ਕੋਈ ਜਵਾਬ ਨਹੀਂ ਹੈ ਕਿ ਆਖਰਕਾਰ ਇਹ ਜਹਾਜ਼ ਕਿੱਥੇ ਚੱਲਾ ਗਿਆ। ਲਾਪਤਾ ਹੋਣ ਤੋਂ ਪਹਿਲਾਂ ਆਖਰੀ ਵਾਰ ਇਸ ਜਹਾਜ਼ ਦੇ ਸਿਗਨਲ ਆਸਟ੍ਰੇਲੀਆਈ ਬੰਦਰਗਾਹ ਕੋਲ ਮਿਲ ਰਹੇ ਸਨ। 


ਇੱਥੇ ਇਹ ਵੀ ਦੱਸਣਯੋਗ ਹੈ ਕਿ ਐੱਮ. ਐੱਚ370 ਜਹਾਜ਼ ਦੇ ਲਾਪਤਾ ਹੋਣ ਮਗਰੋਂ ਹੀ ਆਸਟ੍ਰੇਲੀਆ ਦੀ ਅਗਵਾਈ 'ਚ ਇਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜੋ ਕਿ 28 ਮਹੀਨਿਆਂ ਤੱਕ ਚੱਲੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਹਾਜ਼ 'ਚ ਸਵਾਰ ਕਿਸੇ ਯਾਤਰੀ ਦੀ ਲਾਸ਼ ਜਾਂ ਕੋਈ ਸੁਰਾਗ  ਮਿਲ ਜਾਵੇ ਪਰ ਅਜਿਹਾ ਕੁਝ ਵੀ ਨਹੀਂ ਮਿਲਿਆ। ਵੱਡੇ ਪੱਧਰ 'ਤੇ ਇਸ ਤਲਾਸ਼ੀ ਮੁਹਿੰਮ ਨੂੰ ਪਿਛਲੇ ਸਾਲ 17 ਜਨਵਰੀ 2017 ਨੂੰ ਬੰਦ ਕਰ ਦਿੱਤਾ ਗਿਆ।