ਕੋਰੋਨਾ ਹੀ ਨਹੀਂ ਮੋਟਾਪੇ ਨਾਲ ਵੀ ਲੜ ਰਿਹੈ ਮੈਕਸੀਕੋ

10/07/2020 12:05:35 PM

ਮੈਕਸੀਕੋ ਸਿਟੀ, (ਵਿਸ਼ੇਸ਼)-ਮੈਕਸੀਕੋ ਕੋਰੋਨਾ ਵਾਇਰਸ ਮਹਾਮਾਰੀ ਹੀ ਨਹੀਂ ਸਗੋਂ ਮੋਟਾਪੇ ਨਾਲ ਵੀ ਲੜ ਰਿਹਾ ਹੈ। ਮੈਕਸੀਕੋ ’ਚ 70 ਫੀਸਦੀ ਲੋਕਾਂ ਦਾ ਭਾਰ ਔਸਤ ਨਾਲੋਂ ਜ਼ਿਆਦਾ ਹੈ। ਮੈਕਸੀਕੋ ਦੁਨੀਆ ’ਚ ਸਾਫਟ ਡ੍ਰਿੰਕਸ ਦਾ ਸਭ ਤੋਂ ਵੱਡਾ ਖਪਤਕਾਰ ਦੇਸ਼ ਹੈ। ਉਥੇ ਲੋਕ ਪਾਣੀ ਘੱਟ ਕੋਲਡ ਡ੍ਰਿੰਕ ਜ਼ਿਆਦਾ ਪੀਂਦੇ ਹਨ ਕਿਉਂਕਿ ਉਹ ਸਸਤੀ ਹੈ। ਅਜਿਹੇ ਵਿਚ ਮੋਟਾਪਾ ਦੇਸ਼ ’ਚ ਮਹਾਮਾਰੀ ਦਾ ਰੂਪ ਧਾਰ ਰਿਹਾ ਹੈ।


ਭਾਰਤ ਵਾਂਗ ਮੈਕਸੀਕੋ ’ਚ ਵੀ ਸੜਕਾਂ ਦੇ ਕੰਢੇ ਰੇਹੜੀਆਂ ’ਤੇ ਖੂਬ ਖਾਣਾ ਮਿਲਦਾ ਹੈ ਪਰ ਰੋਜ਼ਾਨਾ ਅਜਿਹੇ ਖਾਣੇ ਨਾਲ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ। ਅਸਲ ’ਚ ਕੰਮਕਾਜ਼ ਕਾਰਣ ਕਈ ਵਾਰ ਨੌਜਵਾਨਾਂ ਨੂੰ ਖਾਣਾ ਬਣਾਉਣ ਦਾ ਸਮਾਂ ਨਹੀਂ ਮਿਲਦਾ। ਖਾਣਾ ਖਰੀਦਣਾ ਉਨ੍ਹਾਂ ਨੂੰ ਜ਼ਿਆਦਾ ਸੌਖਾ ਬਦਲ ਲਗਦਾ ਹੈ। ਮੈਕਸੀਕੋ ਦੇ ਰਿਵਾਇਤੀ ਖਾਣੇ ’ਚ ਉਂਝ ਵੀ ਲੋੜ ਨਾਲੋਂ ਜ਼ਿਆਦਾ ਤੇਲ, ਖੰਡ ਅਤੇ ਨਮਕ ਹੁੰਦਾ ਹੈ ਅਤੇ ਉੱਪਰੋਂ ਇਥੇ ਫਾਸਟ ਫੂਡ ਦਾ ਵੀ ਬਹੁਤ ਜ਼ਿਆਦਾ ਰਿਵਾਜ਼ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਮੁਤਾਬਕ ਮੈਕਸੀਕੋ ’ਚ 3 ਵਿਚੋਂ ਇਕ ਬੱਚਾ ਜਾਂ ਨਾਬਾਲਗ ਮੋਟਾਪੇ ਨਾਲ ਪੀੜਤ ਹੈ ਅਤੇ 10 ਵਿਚੋਂ 7 ਬਾਲਗਾਂ ਦਾ ਭਾਰ ਔਸਤ ਤੋਂ ਜ਼ਿਆਦਾ ਪਾਇਆ ਗਿਆ ਹੈ। ਇਸ ਤੋਂ ਇਲਾਵਾ ਲੱਖਾ ਲੋਕ ਸ਼ੂਗਰ ਦੇ ਮਰੀਜ਼ ਹਨ।

ਸਰਕਾਰ ਦੀ ਪਹਿਲ

ਮੋਟਾਪੇ ’ਤੇ ਕੰਟਰੋਲ ਪਾਉਣ ਲਈ ਇਥੋਂ ਦੀ ਸਰਕਾਰ ਹੁਣ ਪੈਕੇਜਿੰਗ ਨਿਯਮਾਂ ’ਚ ਬਦਲਾਅ ਕਰਨ ਜਾ ਰਹੀ ਹੈ। ਫਾਸਟ ਫੂਡ ਲਈ ਆਕਰਸ਼ਿਤ ਕਰਨ ਵਾਲੇ ਕਾਰਟੂਨ, ਮਸ਼ਹੂਰ ਹਸਤੀਆਂ ਅਤੇ ਪਾਲਤੂ ਜਾਨਵਰਾਂ ਦੀਆਂ ਫੋਟੋਆਂ ਪੈਕੇਜਿੰਗ ਤੋਂ ਹਟਾਈਆ ਜਾਣਗੀਆਂ ਅਤੇ ਉਨ੍ਹਾਂ ਦੀ ਥਾਂ ਚਿਤਾਵਨੀ ਵਾਲੇ ਲੇਬਲ ਲਗਾਏ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਕਈ ਜਾਗਰੂਕਤਾ ਮੁਹਿੰਮਾਂ ਚਲਾ ਚੁੱਕੀ ਹੈ ਪਰ ਫਿਰ ਵੀ ਮੋਟਾਪੇ ਨੂੰ ਕੰਟਰੋਲ ਕਰਨ ’ਚ ਨਾਕਾਮ ਸਾਬਿਤ ਹੋਈ ਹੈ।

Lalita Mam

This news is Content Editor Lalita Mam