ਮੈਕਸੀਕੋ ਦੇ ਮੰਤਰੀ ਦਾ ਹੈਲੀਕਾਪਟਰ ਹਾਦਸਾਗ੍ਰਸਤ, 13 ਲੋਕਾਂ ਦੀ ਮੌਤ

02/19/2018 1:01:26 AM

ਮੈਕਸੀਕੋ ਸਿਟੀ— ਸ਼ੁੱਕਰਵਾਰ ਨੂੰ ਮੈਕਸੀਕੋ 'ਚ ਆਏ ਭੂਚਾਲ ਤੋਂ ਬਾਅਦ ਇਕ ਫੌਜੀ ਹੈਲੀਕਾਪਟਰ ਜੋ ਕਿ ਮੈਕਸੀਕੋ ਦੇ ਗ੍ਰਹਿ ਮੰਤਰੀ ਅਲਫੋਂਸੋ ਨਵਾਰੇਟੇ ਤੇ ਓਆਕਾਕਾ ਦੇ ਗਨਰਨਰ ਅਲਜੈਂਦਰੋ ਮੂਰਤ ਨੂੰ ਲਿਜਾ ਰਿਹਾ ਸੀ, ਕਿ ਅਚਾਨਕ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 3 ਬੱਚੇ ਤੇ 10 ਹੋਰ ਲੋਕ ਸ਼ਾਮਲ ਹਨ।
ਮੈਕਸੀਕਨ ਗ੍ਰਹਿ ਮੰਤਰੀ ਨੇ ਪਹਿਲਾਂ ਟਵਿਟ ਕਰ ਦੱਸਿਆ ਸੀ ਕਿ ਇਸ ਹਾਦਸੇ 'ਚ 2 ਲੋਕ ਮਾਰੇ ਗਏ ਹਨ ਤੇ ਸੀਨੀਅਰ ਅਧਿਕਾਰੀ ਬੱਚ ਗਏ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਫੌਜੀ ਹੈਲੀਕਾਪਟਰ ਮੈਕਸੀਕੋ ਦੇ ਭੂਚਾਲ ਵਾਲੇ ਇਲਾਕੇ 'ਚ ਦਾਖਲ ਹੋਇਆ। ਇਸ ਹਾਦਸੇ 'ਚ ਦੋਹਾਂ ਕੈਬਨਿਟ ਮੰਤਰੀ ਤੇ ਖੇਤਰੀ ਗਵਰਨਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ ਹੈ ਪਰ ਬੋਰਡ ਦੇ ਹੋਰ ਕਈ ਲੋਕ ਜ਼ਖਮੀ ਹੋ ਗਏ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਦੱਖਣੀ ਅਤੇ ਮੱਧ ਭਾਗ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇਮਾਰਤਾਂ ਹਿੱਲਣ ਲੱਗ ਗਈਆਂ ਸਨ। ਮੈਕਸੀਕੋ ਦੀ ਰਾਸ਼ਟਰੀ ਭੂਚਾਲ ਸੇਵਾ ਅਤੇ ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ, ''ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਤੇਜ਼ ਭੂਚਾਲ ਦੇ ਡਰ ਕਾਰਨ ਲੋਕ ਸੜਕਾਂ 'ਤੇ ਆ ਗਏ ਅਤੇ ਕਾਫੀ ਸਮਾਂ ਉੱਥੇ ਹੀ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ 'ਚ ਆਏ ਭੂਚਾਲ 'ਚ 465 ਲੋਕ ਮਾਰੇ ਗਏ ਸਨ। ਕਈ ਘਰਾਂ ਨੂੰ ਬਹੁਤ ਨੁਕਸਾਨ ਪੁੱਜਾ ਸੀ, ਜਿਨ੍ਹਾਂ ਦੀ ਮੁਰੰਮਤ ਦਾ ਕੰਮ ਅਜੇ ਵੀ ਪੂਰਾ ਨਹੀਂ ਹੋਇਆ।