ਛੱਡ ਦਿੱਤੀ ਸੀ ਜ਼ਿੰਦਾ ਬਚਣ ਦੀ ਆਸ, ਪਤੀ ਨੂੰ ਮਿਲੇ ਵਟਸਐੱਪ ਮੈਸੇਜ ਨੇ ਬਚਾ ਲਈ ਜਾਨ

09/24/2017 4:27:14 PM

ਮੈਕਸੀਕੋ ਸਿਟੀ,(ਬਿਊਰੋ)— ਮੈਕਸੀਕੋ ਵਿਚ ਬੀਤੇ ਮੰਗਲਵਾਰ ਨੂੰ 7.1 ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੱਕ ਪਹੁੰਚ ਗਈ ਹੈ। ਭੂਚਾਲ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ, ਜਿਸ ਕਾਰਨ ਮਲਬੇ ਹੇਠਾਂ ਦੱਬ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਇਸ ਭੂਚਾਲ ਕਾਰਨ ਇੱਥੇ ਰਹਿਣ ਵਾਲੀ ਡਾਇਨਾ ਪਚੇਕੋ ਨਾਂ ਦੀ ਔਰਤ ਦੇ ਦਫਤਰ ਦੀ ਇਮਾਰਤ ਵੀ ਢਹਿ-ਢੇਰੀ ਹੋ ਗਈ। ਡਾਇਨਾ ਅਤੇ ਉਸ ਦੇ ਸਾਥੀ ਕਰਮਚਾਰੀ ਮਲਬੇ ਹੇਠਾਂ ਦੱਬੇ ਗਏ। ਪੂਰੀ ਤਰ੍ਹਾਂ ਹਨ੍ਹੇਰੇ 'ਚ ਘਿਰੇ ਰਹੇ। ਮਲਬੇ 'ਚ ਦੱਬੀ ਡਾਇਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਚਣ ਲਈ ਆਪਣੇ ਰਿਸ਼ਤੇਦਾਰਾਂ ਨੂੰ ਮੈਸੇਜ ਅਤੇ ਵਟਸਐੱਪ ਕਰਨਾ ਸ਼ੁਰੂ ਕਰ ਦਿੱਤਾ ਪਰ ਸਿਗਨਲ ਨਾ ਹੋਣ ਕਾਰਨ ਇਹ ਮੈਸੇਜ ਪਹੁੰਚ ਨਹੀਂ ਸਕੇ। 


ਡਾਇਨਾ ਦੀ ਕਿਸਮਤ ਚੰਗੀ ਸੀ ਅਤੇ ਭੂਚਾਲ ਤੋਂ ਅਗਲੇ ਦਿਨ ਉਸ ਦੇ ਪਤੀ ਨੂੰ ਫੋਨ 'ਤੇ ਮੈਸੇਜ ਮਿਲਿਆ। ਇਹ ਵਟਸਐੱਪ ਮੈਸੇਜ ਡਾਇਨਾ ਦੇ ਹੀ ਸਨ, ਜਿਸ ਵਿਚ ਉਸ ਨੇ ਪਤੀ ਨੂੰ ਆਪਣੀ ਉਸ ਲੋਕੇਸ਼ਨ ਬਾਰੇ ਦੱਸਿਆ ਸੀ, ਜਿੱਥੇ ਉਹ ਅਤੇ ਉਸ ਦੇ ਸਾਥੀ ਫਸੇ ਹੋਏ ਸਨ। ਡਾਇਨਾ ਦੇ ਪਤੀ ਗਾਰਸੀਆ ਨੇ ਦੱਸਿਆ ਕਿ ਪਤਨੀ ਦਾ ਮੈਸੇਜ ਮਿਲਣਾ ਉਸ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਤੁਰੰਤ ਬਚਾਅ ਟੀਮ ਨੂੰ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਡਾਇਨਾ ਅਤੇ ਉਨ੍ਹਾਂ ਦੇ 3 ਸਾਥੀ ਕਰਮਚਾਰੀਆਂ ਨੂੰ ਬਚਾ ਲਿਆ ਗਿਆ।  
ਡਾਇਨਾ ਨੇ ਦੱਸਿਆ ਕਿ ਉਹ ਜਦੋਂ ਮਲਬੇ ਵਿਚ ਦੱਬੇ ਸਨ ਤਾਂ ਉਨ੍ਹਾਂ ਨੂੰ ਕਈ ਵਾਰ ਬਚਾਅ ਟੀਮ ਦੀ ਆਵਾਜ਼ ਸੁਣਾਈ ਦਿੱਤੀ। ਉਹ ਮਦਦ ਲਈ ਚੀਕਦੇ ਰਹੇ ਸਨ ਪਰ ਟੀਮ ਉਨ੍ਹਾਂ ਨੂੰ ਸੁਣ ਨਹੀਂ ਸਕੀ ਸੀ। ਆਪਣੇ ਜ਼ਿੰਦਾ ਬਚੇ ਰਹਿਣ ਬਾਰੇ ਗੱਲ ਕਰਦੇ ਹੋਏ ਡਾਇਨਾ ਨੇ ਕਿਹਾ ਕਿ ਜਿਸ ਖੇਤਰ ਵਿਚ ਉਹ ਫਸੇ ਹੋਏ ਸਨ, ਉੱਥੇ ਹਵਾ ਆ ਰਹੀ ਸੀ। ਮਲਬੇ ਦਰਮਿਆਨ ਉੱਚਿਤ ਮਾਤਰਾ ਵਿਚ ਆਕਸੀਜਨ ਮਿਲਣ ਕਾਰਨ ਉਹ ਜ਼ਿੰਦਾ ਰਹਿ ਸਕੇ।