32 ਸਾਲ ਪਹਿਲਾਂ ਵੀ ਕੰਬੀ ਸੀ ਮੈਕਸੀਕੋ ਦੀ ਧਰਤੀ, ਲੋਕਾਂ ਦੇ ਜ਼ਖਮ ਹੋਏ ਮੁੜ ਤੋਂ ਤਾਜ਼ਾ (ਤਸਵੀਰਾਂ)

09/20/2017 1:50:41 PM

ਮੈਕਸੀਕੋ ਸਿਟੀ— ਉੱਤਰੀ ਅਮਰੀਕਾ ਦੇ ਮੈਕਸੀਕੋ 'ਚ ਮੰਗਲਵਾਰ ਦੇਰ ਰਾਤ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ। ਭੂਚਾਲ ਦੀ ਤੀਬਰਤਾ 7.1 ਰਹੀ। ਜਿਸ ਕਾਰਨ ਇਮਾਰਤਾਂ ਕੰਬ ਗਈਆਂ ਅਤੇ ਨੁਕਸਾਨੀਆਂ ਗਈਆਂ। ਇੰਨਾ ਸ਼ਕਤੀਸ਼ਾਲੀ ਭੂਚਾਲ ਮੰਗਲਵਾਰ ਦੇਰ ਰਾਤ 11 ਵਜ ਕੇ 45 ਮਿੰਟ 'ਤੇ ਆਇਆ। ਇਸ ਭੂਚਾਲ ਕਾਰਨ ਹੁਣ ਤੱਕ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ 'ਚੋਂ ਬਾਹਰ ਆ ਗਏ। ਲੋਕਾਂ ਨੇ ਸੜਕਾਂ ਅਤੇ ਪਾਰਕਾਂ 'ਚ ਰਾਤ ਬਿਤਾਈ।
ਬਸ ਇੰਨਾ ਹੀ ਨਹੀਂ ਭੂਚਾਲ ਕਾਰਨ ਮੈਕਸੀਕੋ ਸਿਟੀ ਦੇ ਅੰਦਰ ਵਹਿਣ ਵਾਲੀ ਨਦੀ ਦਾ ਪਾਣੀ ਸਮੁੰਦਰ ਦੀਆਂ ਲਹਿਰਾਂ ਵਾਂਗ ਉਠਿਆ। ਉਸ 'ਚ ਕਈ ਦਰਖਤ ਟੁੱਟ ਕੇ ਡਿੱਗ ਗਏ। ਭੂਚਾਲ ਕਾਰਨ ਕਈ ਮਕਾਨ ਢਹਿ ਢੇਰੀ ਹੋ ਗਏ। ਪੁਲਸ ਅਤੇ ਫੌਜ ਮੌਕੇ 'ਤੇ ਤਾਇਨਾਤ ਹੈ। ਬਚਾਅ ਟੀਮ ਦੇ ਅਧਿਕਾਰੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕਰ ਰਹੇ ਹਨ। ਆਪਣਿਆਂ ਨੂੰ ਗਵਾ ਦੇਣ ਦਾ ਦੁੱਖ ਲੋਕਾਂ ਦੀ ਅੱਖਾਂ 'ਚ ਸਾਫ ਝਲਕ ਰਿਹਾ ਹੈ। 
ਇੱਥੇ ਦੱਸ ਦੇਈਏ ਕਿ ਅੱਜ ਦੇ ਦਿਨ 19 ਸਤੰਬਰ 1985 ਨੂੰ 8 ਤੀਬਰਤਾ ਦਾ ਭੂਚਾਲ ਆਇਆ ਸੀ। ਇਸ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਮੰਗਲਵਾਰ ਰਾਤ ਆਇਆ ਭੂਚਾਲ 1985 ਦੀ ਭਿਆਨਕ ਰਾਤ ਵਰਗਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਆਫਤ 'ਤੇ ਦੁੱਖ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਨਾਲ ਰਹਾਂਗੇ।