ਬ੍ਰਾਜ਼ੀਲ : ਧਰਤੀ ਦੇ ਇੰਨੀ ਨੇੜਿਓਂ ਲੰਘਿਆ ਉਲਕਾਪਿੰਡ, ਰਾਤ 'ਚ ਹੀ ਹੋ ਗਿਆ ਦਿਨ

10/10/2020 9:50:55 AM

ਰੀਓ ਡੀ ਜਨੇਰੀਓ- ਬ੍ਰਾਜ਼ੀਲ ਵਿਚ ਪਿਛਲੇ ਦਿਨੀਂ ਲੋਕਾਂ ਨੂੰ ਇਕ ਬੇਹੱਦ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇਕ ਉਲਕਾਪਿੰਡ ਵਾਯੂਮੰਡਲ ਨਾਲ ਜਾ ਟਕਰਿਆ,  ਜਿਸ ਕਾਰਨ ਰਾਤ ਦਾ ਆਸਮਾਨ ਇਸ ਤਰ੍ਹਾਂ ਹੋ ਗਿਆ ਜਿਵੇਂ ਦਿਨ ਚੜ੍ਹਿਆ ਹੋਵੇ । 

ਰੀਓ ਗ੍ਰਾਂਡੇ ਡੋ ਸੁਲ ਵਿਚ ਕੈਮਰਿਆਂ ਨੇ ਇਸ ਨਜ਼ਾਰੇ ਨੂੰ ਕੈਦ ਕੀਤਾ, ਜਿਸ ਵਿਚ ਮਾਹਰਾਂ ਵਲੋਂ ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਬ੍ਰਾਜ਼ੀਲ ਦੇ ਉਲਕਾਪਿੰਡ ਆਬਜ਼ਰਵੇਸ਼ਨ ਨੈੱਟਵਰਕ ਨੇ ਦੱਸਿਆ ਕਿ ਇਕ ਛੋਟਾ ਉਲਕਾਪਿੰਡ ਵਾਯੂਮੰਡਲ ਨਾਲ 17 ਕਿਲੋ ਮੀਟਰ ਪ੍ਰਤੀ ਸਕਿੰਟ ਦੀ ਗਤੀ ਨਾਲ ਟਕਰਾਇਆ। 
ਕੌਮਾਂਤਰੀ ਉਲਕਾਪਿੰਡ ਸੰਗਠਨ ਨੇ ਦੱਸਿਆ ਕਿ ਇਕ ਚਮਕੀਲਾ ਅੱਗ ਦਾ ਗੋਲਾ ਬ੍ਰਾਜ਼ੀਲ ਦੇ ਉੱਪਰੋਂ ਲੰਘਿਆ ਅਤੇ 6 ਸਕਿੰਟਾਂ ਦਾ ਉਲਕਾਪਿੰਡ ਤਕਰੀਬਨ 40 ਤੋਂ ਵੱਧ ਲੋਕਾਂ ਨੇ ਦੇਖਿਆ। ਇਸ ਨਾਲ ਰਾਤ ਦੇ ਸਮੇਂ ਦਿਨ ਵਰਗੀ ਰੌਸ਼ਨੀ ਹੋ ਗਈ। 

ਜਾਣਕਾਰੀ ਮੁਤਾਬਕ ਅੱਗ ਦਾ ਗੋਲਾ ਉੱਤਰ ਵਲੋਂ 17 ਕਿਲੋ ਮੀਟਰ ਪ੍ਰਤੀ ਸਕਿੰਟ ਦੀ ਗਤੀ ਨਾਲ ਆਇਆ। ਆਖਰੀ ਫਲੈਸ਼ ਜਦ ਦੇਖਿਆ ਗਿਆ ਤਾਂ ਇਹ 22 ਕਿਲੋ ਮੀਟਰ ਦੀ ਉਚਾਈ 'ਤੇ ਰਿਹਾ ਹੋਵੇਗਾ। 

ਕੀ ਹੁੰਦਾ ਹੈ ਉਲਕਾਪਿੰਡ?
ਉਲਕਾਪਿੰਡ ਐਸਟਰਾਇਡ ਭਾਵ ਸਪੇਸ ਦੀ ਚੱਟਾਨ ਦਾ ਹਿੱਸਾ ਹੁੰਦਾ ਹੈ। ਕਿਸੇ ਵਜ੍ਹਾ ਕਾਰਨ ਐਸਟਰਾਇਡ ਦੇ ਟੁੱਟਣ 'ਤੇ ਉਸ ਦਾ ਛੋਟਾ ਟੁਕੜਾ ਉਸ ਤੋਂ ਵੱਖ ਹੋ ਜਾਂਦਾ ਹੈ, ਜਿਸ ਨੂੰ ਉਲਕਾਪਿੰਡ ਜਾਂ ਮੈਟਰੋਇਡ ਕਿਹਾ ਜਾਂਦਾ ਹੈ। ਇਹ ਜਦ ਧਰਤੀ ਦੇ ਕੋਲ ਪੁੱਜਦਾ ਹੈ ਤਾਂ ਵਾਯੂਮੰਡਲ ਦੇ ਸੰਪਰਕ ਵਿਚ ਆਉਣ ਨਾਲ ਹੀ ਝੁਲਸ ਜਾਂਦਾ ਹੈ ਅਤੇ ਸਾਨੂੰ ਇਸ ਦੀ ਰੌਸ਼ਨੀ ਦਿਖਾਈ ਦਿੰਦੀ ਹੈ। ਇਸ ਨੂੰ ਸ਼ੂਟਿੰਗ ਸਟਾਰ ਜਾਂ ਟੁੱਟਦੇ ਤਾਰੇ ਵਾਂਗ ਦੇਖਿਆ ਜਾਂਦਾ ਹੈ। ਇਹ ਅਸਲ ਵਿਚ ਤਾਰੇ ਨਹੀਂ ਹੁੰਦੇ। ਇਨ੍ਹਾਂ ਨੂੰ ਮੈਟੇਓਰ ਕਿਹਾ ਜਾਂਦਾ ਹੈ ਤੇ ਕਈ ਉਲਕਾਪਿੰਡਾਂ ਦੀ ਬਰਸਾਤ ਨੂੰ ਮੈਟੇਓਰ ਸ਼ਾਵਰ ਕਿਹਾ ਜਾਂਦਾ ਹੈ। 

Lalita Mam

This news is Content Editor Lalita Mam