ਮਨਮੀਤ ਅਲੀਸ਼ੇਰ ਦੇ ਬੁੱਤ ਤੋਂ ਕੱਪੜਾ ਹਟਾਉਂਦਿਆਂ ਯਾਦਾਂ ਹੋਈਆਂ ਤਾਜ਼ਾ, ਸਿਰ ''ਤੇ ਹੱਥ ਫੇਰ ਭੁੱਬਾ ਮਾਰ ਰੋਈ ਮਾਂ

04/23/2017 4:48:00 PM

ਬ੍ਰਿਸਬੇਨ— ਮਨਮੀਤ ਅਲੀਸ਼ੇਰ ਆਸਟਰੇਲੀਆ ''ਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਇੱਕ ਮਾਣਮੱਤੀ ਸਖ਼ਸ਼ੀਅਤ ਸੀ ਅਤੇ ਉਸ ਦੀ ਮੌਤ ਇੱਕ ਅਜਿਹਾ ਘਾਟਾ ਹੈ, ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮਨਮੀਤ ਦੀਆਂ ਯਾਦਾਂ ਨੂੰ ਲੋਕਾਂ ਦੇ ਦਿਲਾਂ ''ਚ ਹਮੇਸ਼ਾ ਤਾਜ਼ਾ ਰੱਖਣ ਲਈ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ''ਚ ਉਸ ਦੇ ਨਾਂ ''ਤੇ ਇੱਕ ਯਾਦਗਾਰ ਸਥਾਪਿਤ ਕੀਤੀ ਗਈ ਹੈ। ਮਨਮੀਤ ਨੇ ਬ੍ਰਿਸਬੇਨ ਦੇ ਕਸਬੇ ਮਾਰੂਕਾ ''ਚ ਜਿਸ ਥਾਂ ''ਤੇ ਆਪਣਾ ਆਖ਼ਰੀ ਸਾਹ ਲਿਆ ਸੀ, ਉਸ ਦੇ ਨਜ਼ਦੀਕ ਲਕਸਮਬਰਥ ਪਲੇਸ ਪਾਰਕ ''ਚ ਇਸ ਯਾਦਗਾਰ ਦੀ ਘੁੰਡ-ਚੁਕਾਈ ਦੇ ਸੰਬੰਧ ''ਚ ਐਤਵਾਰ ਨੂੰ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ''ਚ ਮਨਮੀਤ ਦੇ ਪਿਤਾ ਸ਼੍ਰੀ ਰਾਮ ਸਰੂਪ, ਮਾਤਾ ਕ੍ਰਿਸ਼ਨਾ ਦੇਵੀ, ਭਰਾ ਅਮਿਤ ਸ਼ਰਮਾ, ਦੋਸਤ ਵਿਨਰਜੀਤ ਗੋਲਡੀ, ਪੰਜਾਬੀ ਭਾਈਚਾਰੇ ਦੇ ਲੋਕ, ਬ੍ਰਿਸਬੇਨ ਸਿਟੀ ਕੌਂਸਲ ਦੇ ਨੁਮਾਇੰਦੇ, ਰੇਲ ਟਰਾਮ ਅਤੇ ਬੱਸ ਯੂਨੀਅਨ ਦੇ ਮੈਂਬਰ ਸ਼ਾਮਲ ਹੋਏ। 
ਇਸ ਮੌਕੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ''ਚ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮਹਿਲਾ ਕੌਂਸਲਰ ਐਂਜਲਾ ਓਵਨ ਨੇ ਮਨਮੀਤ ਦੇ ਸੰਬੰਧ ''ਚ ਗੱਲ ਕਰਦਿਆਂ ਕਿਹਾ ਕਿ ਉਹ ਟੈਕਸੀ ਅਤੇ ਬੱਸ ਚਾਲਕ ਹੋਣ ਦੇ ਨਾਲ-ਨਾਲ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਵੀ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਦੀ ਘੜੀ ''ਚ ਪੂਰਾ ਆਸਟਰੇਲੀਆ ਮਨਮੀਤ ਦੇ ਪਰਿਵਾਰ ਦੇ ਨਾਲ ਹੈ। ਇਸ ਮੌਕੇ ਇੱਕ ਅਹਿਮ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਮਨਮੀਤ ਦੀ ਨਿੱਘੀ ਯਾਦ ਨੂੰ ਸਦੀਵੀਂ ਬਣਾਉਣ ਲਈ ਅੱਜ ਤੋਂ ਲਕਸਮਬਰਥ ਪਲੇਸ ਨੂੰ ''ਮਨਮੀਤਜ਼ ਪੈਰਡਾਈਸ'' (ਮਨਮੀਤ ਦਾ ਸਵਰਗ) ਦੇ ਨਾਂ ਨਾਲ ਜਾਣਿਆ ਜਾਵੇਗਾ। ਮਨਮੀਤ ਦੀ ਯਾਦ ''ਚ ਲਕਸਮਬਰਥ ਪਾਰਕ ''ਚ ਇੱਕ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਇੱਥੇ ਇੱਕ ਤਖ਼ਤੀ ਵੀ ਲਗਾਈ ਗਈ, ਜਿੱਥੇ ਕਿ ਮਨਮੀਤ ਨਾਲ ਵਾਪਰੇ ਮੰਦਭਾਗੇ ਭਾਣੇ ਦੇ ਨਾਲ-ਨਾਲ ਉਸ ਨੇ ਜ਼ਿੰਦਗੀ ''ਚ ਜੋ ਕੁਝ ਪ੍ਰਾਪਤ ਕੀਤਾ ਸੀ, ਉਹ ਵੀ ਲਿਖਿਆ ਹੋਇਆ ਹੈ।
ਇਸ ਮੌਕੇ ਮਨਮੀਤ ਦੇ ਪਰਿਵਾਰ ਵਲੋਂ ਕੌਂਸਲ ਨੂੰ ਤੋਹਫ਼ੇ ਵਜੋਂ ਮਨਮੀਤ ਦਾ ਬੁੱਤ ਭੇਂਟ ਕੀਤਾ ਗਿਆ। ਇਸ ਬੁੱਤ ਦੀ ਘੁੰਡ-ਚੁਕਾਈ ਮਨਮੀਤ ਦੀ ਮਾਂ ਵਲੋਂ ਕੀਤੀ ਗਈ। ਇਸ ਮੌਕੇ ਆਪਣੇ ਪੁੱਤਰ ਦੇ ਬੁੱਤ ਨੂੰ ਦੇਖ ਕੇ ਮਾਂ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਸਕੀ ਅਤੇ ਉਸ ਦੀਆਂ ਅੱਖਾਂ ''ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ। ਇਸ ਬੁੱਤ ਦੀ ਸਥਾਪਤੀ ਬ੍ਰਿਸਬੇਨ ਸਿਟੀ ਕੌਂਸਲ ਦੇ ਦਫ਼ਤਰ ''ਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਸਿਟੀ ਕੌਂਸਲ ਦਾ ਬੱਸ ਚਾਲਕ ਸੀ। ਬੀਤੀ 28 ਅਕਤੂਬਰ ਨੂੰ ਡਿਊਟੀ ਦੌਰਾਨ ਜਦੋਂ ਉਸ ਨੇ ਬ੍ਰਿਸਬੇਨ ਦੇ ਕਸਬੇ ਮਾਰੂਕਾ ਦੇ ਬੱਸ ਸਟਾਪ ''ਤੇ ਸਵਾਰੀਆਂ ਚੜ੍ਹਾਉਣ ਲਈ ਬੱਸ ਰੋਕੀ ਤਾਂ ਇਸ ਦੌਰਾਨ ਇੱਕ ਵਿਅਕਤੀ ਬੱਸ ''ਚ ਚੜ੍ਹਿਆ ਅਤੇ ਉਸ ਨੇ ਮਨਮੀਤ ''ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਾਦਸੇ ''ਚ ਮਨਮੀਤ ਦੀ ਮੌਕੇ ''ਤੇ ਹੀ ਮੌਤ ਹੋ ਗਈ।