ਬ੍ਰਿਸਬੇਨ 'ਚ ਤ੍ਰੈ-ਭਾਸ਼ਾਈ ਕਵੀ ਦਰਬਾਰ ਆਯੋਜਿਤ, ਮਨਮੀਤ ਅਲੀਸ਼ੇਰ ਨੂੰ ਕੀਤਾ ਗਿਆ ਯਾਦ

09/11/2017 11:48:24 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ)— ਬ੍ਰਿਸਬੇਨ ਦੀ ਨਾਮਵਰ ਦਾਨੀ ਸੰਸਥਾ 'ਸੱਤਿਆ ਪਰੇਮਾ ਚੈਰੀਟੇਬਲ ਸਮਾਜ' ਅਤੇ 'ਇੰਡੋਜ਼ ਪੰਜਾਬੀ ਸਾਹਿਤ ਸਭਾ' ਵਲੋਂ ਸਾਂਝੇ ਤੌਰ 'ਤੇ ਤ੍ਰੈ-ਭਾਸ਼ਾਈ ਕਵੀ ਸੰਮੇਲਨ ਸੰਨੀਬੈਕ ਕਮਿਊਨਿਟੀ ਸੈਂਟਰ ਵਿਖੇ ਆਯੋਜਨ ਕੀਤਾ ਗਿਆ। ਇਸ ਸਾਹਿਤਕ ਸਮਾਰੋਹ 'ਚ ਨੀਰਜ ਪੋਪਲੀ, ਸੋਮਾ ਨਾਇਰ, ਮਧੂ ਖੰਨਾ, ਪ੍ਰਗਟ ਰੰਧਾਵਾ, ਵਿਨੋਦ ਕੁਮਾਰ, ਸੁਰਜੀਤ ਸੰਧੂ, ਪਾਲ ਰਾਊਕੇ, ਕਵਿਤਾ ਖੁੱਲਰ, ਬ੍ਰਿਜੇਸ਼ ਪਾਂਡੇ, ਹਰਮਨਦੀਪ ਗਿੱਲ, ਰੁਪਿੰਦਰ ਸੋਜ਼, ਸਰਬਜੀਤ ਸੋਹੀ ਅਤੇ ਆਤਮਾ ਹੇਅਰ ਆਦਿ ਕਵੀਆਂ ਤੇ ਕਵਿੱਤਰੀਆਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੇਸ਼ ਕਰ ਹਾਜ਼ਰੀਨ ਤੋਂ ਖੂਬ ਵਾਹ-ਵਾਹ ਖੱਟੀ।

ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ 'ਚ ਸੰਸਾਰ ਚੰਦ, ਜਰਨੈਲ ਬਾਸੀ ਅਤੇ ਮਨਜੀਤ ਬੋਪਰਾਏ ਤੇ ਹੋਰ ਵੀ ਪਤਵੰਤਿਆਂ ਵਲੋਂ ਪੰਜਾਬੀ ਦੇ ਪ੍ਰਸਿੱਧ ਪ੍ਰਵਾਸੀ ਸ਼ਾਇਰ ਸੁਖਵਿੰਦਰ ਕੰਬੋਜ਼ ਦਾ ਕਾਵਿ ਸੰਗ੍ਰਹਿ 'ਜੰਗ, ਜਸ਼ਨ ਤੇ ਜੁਗਨ' ਲੋਕ ਅਰਪਣ ਕੀਤਾ ਗਿਆ। ਮਨਮੀਤ ਅਲੀਸ਼ੇਰ ਦੇ ਪਰਿਵਾਰ ਵਲੋਂ ਸਾਹਿਤ ਸਭਾ ਨੂੰ ਭਾਰਤ ਤੋਂ 500 ਡਾਲਰ ਦੀ ਵਿੱਤੀ ਸਹਾਇਤਾ ਵੀ ਭੇਜੀ ਗਈ, ਜਿਸ ਦਾ ਹਾਜ਼ਰੀਨ ਵਲੋਂ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਸਾਹਿਤਕ ਸ਼ਾਮ ਪ੍ਰਤੀ ਸਾਹਿਤ ਪ੍ਰੇਮੀਆਂ 'ਚ ਉਤਸ਼ਾਹ ਪਾਇਆ ਗਿਆ।