ਮੈਲਬੌਰਨ ''ਚ ਕ੍ਰਿਸਮਸ ਦੇ ਜਸ਼ਨ ਮਗਰੋਂ ਦਿੱਸੇ ਕੂੜੇ ਦੇ ਢੇਰ

12/26/2017 10:49:38 AM

ਮੈਲਬੌਰਨ (ਏਜੰਸੀ)— ਦੁਨੀਆ ਭਰ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਵੱਖ-ਵੱਖ ਦੇਸ਼ਾਂ 'ਚ ਵੱਸਦੇ ਲੋਕਾਂ ਨੇ ਵੱਖਰੇ ਢੰਗ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਵੀ ਲੋਕਾਂ ਵਲੋਂ ਕੁਝ ਵੱਖਰੇ ਅੰਦਾਜ਼ 'ਚ ਕ੍ਰਿਸਮਸ ਮਨਾਈ ਗਈ। ਜੋ ਤਸਵੀਰਾਂ ਅਸੀਂ  ਤੁਹਾਨੂੰ ਦਿਖਾ ਰਹੇ ਹਾਂ, ਉਹ ਹੈ ਮੈਲਬੌਰਨ ਦੇ ਮਸ਼ਹੂਰ ਸੈਂਟ ਕਿਲਡਾ ਬੀਚ ਦੀਆਂ। ਬੀਚ 'ਤੇ ਸਫਾਈ ਕਰਮਚਾਰੀਆਂ ਵਲੋਂ ਸਾਫ-ਸਫਾਈ ਕੀਤੀ ਜਾ ਰਹੀ ਹੈ। ਕ੍ਰਿਸਮਸ ਦੀ ਸ਼ਾਮ ਬੀਚ 'ਤੇ ਲੱਗਭਗ 5,000 ਲੋਕ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਲੋਕਾਂ ਨੇ ਕ੍ਰਿਸਮਸ ਦਾ ਜਸ਼ਨ ਤਾਂ ਮਨਾਇਆ ਪਰ ਜਦੋਂ ਸਵੇਰ ਹੋਈ ਤਾਂ ਬੀਚ ਮੁਸ਼ਕਲ ਨਾਲ ਹੀ ਪਛਾਣਿਆ ਗਿਆ। ਬੀਚ 'ਤੇ ਕੂੜਾ, ਸ਼ਰਾਬ ਦੀਆਂ ਬੋਤਲਾਂ ਬਿਖਰੀਆਂ ਸਨ। ਅਧਿਕਾਰੀਆਂ ਵੀ ਇਹ ਸਭ ਦੇਖ ਕੇ ਹੈਰਾਨ ਸਨ।
ਬੀਚ 'ਤੇ ਜਸ਼ਨ ਮਨਾਉਣ ਆਏ ਲੋਕਾਂ ਦੀ ਵੱਡੀ ਭੀੜ ਨੂੰ ਕੰਟਰੋਲ ਕਰਨ ਲਈ ਪੁਲਸ ਬੁਲਾਉਣੀ ਪਈ। ਵਿਕਟੋਰੀਆ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਬੀਚ 'ਤੇ ਲੋਕਾਂ ਦਾ ਅਜਿਹਾ ਰਵੱਈਆ ਨਾ ਮੰਨਣਯੋਗ ਹੈ। ਵਿਕਟੋਰੀਆ ਪੁਲਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੀਚ 'ਤੇ ਲੋਕਾਂ ਵਲੋਂ ਕੂੜਾ ਫੈਲਾਇਆ ਗਿਆ, ਜੋ ਕਿ ਨਿਰਾਸ਼ਾਜਨਕ ਹੈ। ਲੋਕ ਨਸ਼ੇ 'ਚ ਟੱਲੀ ਸਨ, ਜਿਸ ਕਾਰਨ ਬੀਚ 'ਤੇ ਕੁਝ ਲੋਕਾਂ ਦਰਮਿਆਨ ਲੜਾਈ ਵੀ ਹੋਈ। ਇਸ ਲੜਾਈ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਪੁਲਸ ਨੇ ਦੋ ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ।