ਮੈਲਬੌਰਨ 'ਚ ਵਾਪਰਿਆ ਸੜਕ ਹਾਦਸਾ, ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ

04/26/2018 3:43:32 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਵੀਰਵਾਰ ਨੂੰ ਮੋਟਰਸਾਈਕਲ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਹ ਹਾਦਸਾ ਮੈਲਬੌਰਨ ਦੇ ਈਸਟਰਨ ਫਰੀ ਹਾਈਵੇਅ 'ਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਵਾਪਰਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਮਿਲੀ। ਹਾਦਸੇ ਵਾਲੀ ਥਾਂ 'ਤੇ ਪੁੱਜੇ ਅਧਿਕਾਰੀਆਂ ਨੇ ਦੇਖਿਆ ਕਿ 50 ਸਾਲਾ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਪਿਆ ਸੀ। ਉਸ ਦੇ ਸਿਰ, ਲੱਤਾਂ ਅਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ।


ਅਧਿਕਾਰੀਆਂ ਨੇ ਉਸ ਨੂੰ ਗੰਭੀਰ ਹਾਲਤ 'ਚ ਐਲਫਰੇਡ ਹਸਪਤਾਲ 'ਚ ਭਰਤੀ ਕਰਾਇਆ। ਪੁਲਸ ਵਲੋਂ ਟਰੱਕ ਡਰਾਈਵਰ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਹਾਦਸੇ ਕਾਰਨ ਰੋਡ ਦੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ।

ਪੁਲਸ ਵਲੋਂ ਆਵਾਜਾਈ ਨੂੰ ਕੰਟਰੋਲ ਕਰਨ ਲਈ ਵਾਹਨਾਂ ਨੂੰ ਮਿਡਲਬੋਰ ਰੋਡ ਵੱਲ ਮੋੜਿਆ ਗਿਆ। ਮੋਟਰਸਾਈਕਲ ਸਵਾਰਾਂ ਨੂੰ ਵੀ ਫਰੀ ਹਾਈਵੇਅ ਵੱਲ ਨਾ ਆਉਣ ਦੀ ਸਲਾਹ ਦਿੱਤੀ ਗਈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੋਈ ਹੈ।