ਜ਼ੁਰਮ ਕਰ ਕੇ ਭਾਰਤ ਦੌੜ ਆਇਆ ਸੀ ਭਾਰਤੀ, ਹੁਣ ਆਸਟ੍ਰੇਲੀਆ ਚੁੱਕੇਗਾ ਇਹ ਕਦਮ

01/10/2018 6:10:07 PM

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੂਜ਼ ਅਗਲੇ ਹਫਤੇ ਭਾਰਤ ਦੌਰੇ 'ਤੇ ਆ ਰਹੇ ਹਨ। ਡੈਨੀਅਲ ਆਪਣੀ ਭਾਰਤ ਯਾਤਰਾ ਦੌਰਾਨ ਫਰਾਰ ਦੋਸ਼ੀ ਭਾਰਤੀ ਡਰਾਈਵਰ ਪੁਨੀਤ ਦੀ ਹਵਾਲਗੀ ਲਈ ਪੁਰਜ਼ੋਰ ਮੰਗ ਕਰਨਗੇ। ਇੱਥੇ ਦੱਸ ਦੇਈਏ ਕਿ ਪੁਨੀਤ ਨਾਂ ਦਾ ਭਾਰਤੀ ਨੌਜਵਾਨ ਮੈਲਬੌਰਨ 'ਚ ਵਿਦਿਆਰਥੀ ਸੀ, ਤਕਰੀਬਨ 10 ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਵਿਚ ਉਸ ਨੇ ਤੇਜ਼ ਰਫਤਾਰ ਗੱਡੀ ਨਾਲ ਹਾਦਸੇ ਨੂੰ ਅੰਜ਼ਾਮ ਦਿੱਤਾ ਸੀ। ਇਹ ਹਾਦਸਾ 1 ਅਕਤੂਬਰ 2008 ਨੂੰ ਉਸ ਸਮੇਂ ਵਾਪਰਿਆ ਸੀ, ਜਦੋਂ ਪੁਨੀਤ ਨਸ਼ੇ ਦੀ ਹਾਲਤ ਵਿਚ ਮੈਲਬੌਰਨ 'ਚ ਤੇਜ਼ ਰਫਤਾਰ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਵਿਚ ਨਰਸਿੰਗ ਦੇ ਵਿਦਿਆਰਥੀ ਡੀਨ ਹੌਫਸਟੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ 20 ਸਾਲਾ ਦੋਸਤ ਕਲੈਂਕੀ ਕੋਕਰ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਇਹ ਦੋਵੇਂ ਕੁਈਨਜ਼ਲੈਂਡ ਦੇ ਵਿਦਿਆਰਥੀ ਸਨ। 
ਪੁਨੀਤ ਨੇ ਉਸ ਸਮੇਂ ਮੈਲਬੌਰਨ ਦੀ ਅਦਾਲਤ 'ਚ ਆਪਣਾ ਜ਼ੁਰਮ ਕਬੂਲ ਕੀਤਾ ਸੀ ਪਰ ਜ਼ਮਾਨਤ 'ਤੇ ਰਿਹਾਅ ਹੋਣ ਕਾਰਨ ਉਹ ਸਾਲ 2009 'ਚ ਕਿਸੇ ਦੋਸਤ ਦੇ ਪਾਸਪੋਰਟ ਨੂੰ ਵਰਤ ਕੇ ਭਾਰਤ ਦੌੜ ਆਇਆ। ਉਸ ਨੂੰ ਤਕਰੀਬਨ 4 ਸਾਲ ਦੀ ਭਾਲ ਤੋਂ ਬਾਅਦ 29 ਨਵੰਬਰ 2013 ਨੂੰ ਪੰਜਾਬ ਤੋਂ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਹਫਤੇ ਪ੍ਰੀਮੀਅਰ ਡੈਨੀਅਲ ਜਦੋਂ ਭਾਰਤ ਆਉਣਗੇ ਤਾਂ ਉਸ ਦੀ ਆਸਟ੍ਰੇਲੀਆ ਵਾਪਸੀ ਦੀ ਮੰਗ ਕਰਨਗੇ। ਓਧਰ ਪ੍ਰੀਮੀਅਰ ਦਫਤਰ ਨੇ ਇਕ ਬਿਆਨ 'ਚ ਕਿਹਾ, ''ਇਹ ਮੁਆਫ਼ੀ ਬਾਰੇ ਨਹੀਂ ਹੈ, ਇਹ ਨਿਆਂ ਅਤੇ ਪਰਿਵਾਰਾਂ ਦੀ ਸ਼ਾਂਤੀ ਬਾਰੇ ਹੈ।'' ਬਿਆਨ ਵਿਚ ਕਿਹਾ ਗਿਆ ਕਿ ਡੈਨੀਅਲ ਸਿੱਧੇ ਭਾਰਤ ਸਰਕਾਰ ਦੇ ਸਾਹਮਣੇ ਇਹ ਮੁੱਦਾ ਚੁੱਕਣਗੇ ਕਿ ਦੋਸ਼ੀ ਭਾਰਤੀ ਸ਼ਖਸ ਪੁਨੀਤ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਅਤੇ ਆਸਟ੍ਰੇਲੀਆ 'ਚ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ।