ਆਸਟ੍ਰੇਲੀਆ ''ਚ ਫਲੂ ਕਾਰਨ ਇਕ ਹੋਰ ਮੌਤ, 300 ਦੇ ਨੇੜੇ ਪੁੱਜੀ ਮ੍ਰਿਤਕਾਂ ਦੀ ਗਿਣਤੀ

07/08/2019 11:05:35 AM

ਮੈਲਬੌਰਨ— ਆਸਟ੍ਰੇਲੀਆ 'ਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਇਸ ਦੇ ਨਾਲ-ਨਾਲ ਫਲੂ ਵੀ ਫੈਲ ਰਿਹਾ ਹੈ। ਇਸ ਕਾਰਨ ਹੁਣ ਤਕ ਲਗਭਗ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਮੈਲਬੌਰਨ 'ਚ ਰਹਿਣ ਵਾਲੀ ਇਕ ਹੋਰ 13 ਸਾਲਾ ਬੱਚੀ ਕ੍ਰਿਸਟਲ ਲੀ ਦੀ ਮੌਤ ਹੋ ਗਈ। ਉਸ ਦੀ ਦਾਦੀ ਨੇ ਇਕ ਭਾਵੁਕ ਪੋਸਟ ਪਾਉਂਦੇ ਹੋਏ ਦੱਸਿਆ ਕਿ ਬੱਚੀ ਤਿੰਨ ਪਹਿਲਾਂ ਹੀ ਬੀਮਾਰ ਹੋ ਗਈ ਸੀ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਦੋ ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਫੈਡਰਲ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਾਲ 1,31,000 ਫਲੂ ਦੇ ਕੇਸ ਸਾਹਮਣੇ ਆਏ ਹਨ ਅਤੇ ਹੁਣ ਤਕ 287 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਬਹੁਤ ਖਤਰਨਾਕ ਫਲੂ ਹੈ ਜੋ ਦਿਨਾਂ 'ਚ ਹੀ ਵਿਅਕਤੀ ਨੂੰ ਮਾਰ ਦਿੰਦਾ ਹੈ।


ਨਿਊ ਸਾਊਥ ਵੇਲਜ਼ 'ਚ ਪਿਛਲੇ ਹਫਤੇ 9 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਸਾਲ ਇੱਥੇ 60 ਸਾਲ ਤੋਂ ਵਧ ਉਮਰ ਵਾਲੇ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਆਸਟ੍ਰੇਲੀਅਨ ਸਰਕਾਰ ਨੇ ਲੋਕਾਂ ਨੂੰ ਇਸ ਫਲੂ ਤੋਂ ਬਚਣ ਸਬੰਧੀ ਜਾਣਕਾਰੀ ਦੇਣ ਲਈ ਮੁਹਿੰਮ ਸ਼ੁਰੂ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਇੰਨਾ ਖਤਰਨਾਕ ਫਲੂ ਹੈ ਕਿ ਜੇਕਰ ਕਿਸੇ ਫਲੂ ਪੀੜਤ ਵਿਅਕਤੀ ਨੇ ਦਰਵਾਜ਼ੇ ਦੇ ਹੈਂਡਲ ਨੂੰ ਫੜਿਆ ਹੋਵੇ ਜਾਂ ਕਿਸੇ ਕੁਰਸੀ ਆਦਿ ਨੂੰ ਹੱਥ ਲਗਾਇਆ ਹੋਵੇ ਤਾਂ ਦੂਜਾ ਵਿਅਕਤੀ ਇਸ ਦੇ ਪ੍ਰਭਾਵ 'ਚ ਆ ਜਾਂਦਾ ਹੈ। 

ਇਸ ਤੋਂ ਬਚਣ ਦੇ ਉਪਾਅ—

  • ਫਲੂ ਤੋਂ ਬਚਣ ਲਈ ਟੀਕਾ ਲਗਵਾਓ
  • ਫਲੂ ਪੀੜਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ 'ਤੇ ਖੜ੍ਹੇ ਹੋਵੋ।
  • ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਤੇ ਸਫਾਈ ਦਾ ਪੂਰਾ ਧਿਆਨ ਰੱਖੋ।
  • ਖੰਘ ਜਾਂ ਛਿੱਕ ਆਉਣ 'ਤੇ ਟਿਸ਼ੂ ਦੀ ਵਰਤੋਂ ਕਰੋ।
  • ਜਿੰਨਾ ਹੋ ਸਕੇ ਘਰਾਂ 'ਚ ਰਹੋ ਤਾਂ ਕਿ ਤੁਸੀਂ ਕਿਸੇ ਵੀ ਬੀਮਾਰ ਵਿਅਕਤੀ ਦੇ ਪ੍ਰਭਾਵ 'ਚ ਨਾ ਆਓ।