ਮੈਲਬੌਰਨ 'ਚ ਤੇਜ਼ ਰਫਤਾਰ ਕਾਰ ਨੇ ਕੁਚਲੇ 16 ਲੋਕ (ਤਸਵੀਰਾਂ)

12/21/2017 1:27:00 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ 'ਚ ਵੀਰਵਾਰ ਦੀ ਸ਼ਾਮ ਨੂੰ ਇਕ ਤੇਜ਼ ਰਫਤਾਰ ਕਾਰ ਨੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 16 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਵਿਕਟੋਰੀਆ ਪੁਲਸ ਨੇ ਮੌਕੇ 'ਤੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਮੈਲਬੌਰਨ ਦੇ ਫਲਿੰਡਰਸ ਸਟਰੀਟ ਨੇੜੇ ਟਰੇਨ ਸਟੇਸ਼ਨ 'ਚ ਵਾਪਰੀ, ਜਿੱਥੇ ਉਸ ਸਮੇਂ ਵੱਡੀ ਗਿਣਤੀ 'ਚ ਕਰਮਚਾਰੀਆਂ ਅਤੇ ਸੈਲਾਨੀਆਂ ਦੀ ਭੀੜ ਮੌਜੂਦ ਸੀ। 
ਐਂਬੂਲੈਂਸ ਵਿਕਟੋਰੀਆ ਦੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀ ਹੋਏ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਲਿਜਾਇਆ ਗਿਆ, ਜਿਨ੍ਹਾਂ 'ਚ ਪ੍ਰੀ-ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਸ਼ਾਮਲ ਹਨ। ਪੁਲਸ ਮੁਤਾਬਕ ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਸ ਨੇ ਤੇਜ਼ ਰੌਲਾ ਸੁਣਿਆ ਅਤੇ ਦੇਖਿਆ ਇਕ ਸਫੈਦ ਰੰਗ ਐਸ. ਯੂ. ਵੀ. ਕਾਰ ਤੇਜ਼ ਰਫਤਾਰ ਨਾਲ ਆਈ ਅਤੇ ਉਸ ਨੇ ਪੈਦਲ ਜਾ ਰਹੇ ਯਾਤਰੀਆਂ ਨੂੰ ਕੁਚਲ ਦਿੱਤਾ। ਵਿਕਟੋਰੀਆ ਪੁਲਸ ਨੇ ਕਿਹਾ ਕਿ ਕਾਰ ਨੇ ਇਕ ਤੋਂ ਬਾਅਦ ਇਕ ਪੈਦਲ ਯਾਤਰੀਆਂ ਨੂੰ ਕੁਚਲਿਆ। ਘਟਨਾ ਵਾਲੀ ਥਾਂ 'ਤੇ ਪੁਲਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਪੁਲਸ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਇਹ ਘਟਨਾ ਅੱਤਵਾਦ ਨਾਲ ਸੰਬੰਧਤ ਹੈ।