ਆਸਟ੍ਰੇਲੀਆ ਦੇ ਇਸ ਸ਼ਹਿਰ ਨੂੰ ਲੋਕ ਕਰਦੇ ਨੇ ਵਧੇਰੇ ਪਸੰਦ, ਕਾਰਨ ਹੈ ਦਿਲਚਸਪ

02/02/2018 1:04:23 PM

ਮੈਲਬੌਰਨ— ਦੁਨੀਆ ਵਿਚ ਬਹੁਤ ਸਾਰੇ ਸ਼ਹਿਰ ਹਨ, ਜਿੱਥੇ ਲੋਕ ਘੁੰਮਣਾ ਹੀ ਨਹੀਂ ਸਗੋਂ ਰਹਿਣਾ ਵੀ ਪਸੰਦ ਕਰਦੇ ਹਨ। ਇਕ ਨਵੇਂ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆ 'ਚ ਬਹੁਤ ਸਾਰੇ ਰਹਿਣ ਲਾਇਕ ਅਤੇ ਖੁਸ਼ਹਾਲ ਸ਼ਹਿਰ ਹਨ, ਜਿੱਥੇ ਲੋਕ ਖੁਦ ਨੂੰ ਸੁਰੱਖਿਅਤ ਅਤੇ ਖੁਸ਼ ਮਹਿਸੂਸ ਕਰਦੇ ਹਨ। ਇਕ ਰਿਪੋਰਟ ਮੁਤਾਬਕ ਤਕਰੀਬਨ 15,000 ਲੋਕਾਂ 'ਤੇ ਇਕ ਸਰਵੇ ਕੀਤਾ ਗਿਆ, ਜਿਨ੍ਹਾਂ 'ਚ ਦੁਨੀਆ ਦੇ 32 ਟੌਪ ਸ਼ਹਿਰਾਂ ਨੂੰ ਚੁਣਿਆ ਗਿਆ। ਇਨ੍ਹਾਂ ਸ਼ਹਿਰਾਂ 'ਚ ਨਿਊਯਾਰਕ, ਪੈਰਿਸ, ਬਰਲਿਨ, ਟੋਕੀਆ ਅਤੇ ਮੈਲਬੌਰਨ ਨੂੰ ਸਭ ਤੋਂ ਅੱਗੇ ਰੱਖਿਆ ਗਿਆ। ਸਰਵੇਖਣ ਮੁਤਾਬਕ ਮੁਕਾਬਲੇ ਦੇ ਹਿਸਾਬ ਨਾਲ ਇਹ ਸ਼ਹਿਰ ਜ਼ਿਆਦਾ ਖੁਸ਼ਹਾਲ ਹਨ। ਲੋਕਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦਾ ਮੈਲਬੌਰਨ ਸ਼ਹਿਰ ਸਭ ਤੋਂ ਖੁਸ਼ਹਾਲ ਹੈ। 


ਸਰਵੇ 'ਚ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਲਾਈਫ ਸਟਾਈਲ ਦੀਆਂ ਆਦਤਾਂ, ਉਨ੍ਹਾਂ ਦੇ ਸ਼ਹਿਰਾਂ 'ਚ ਵਿਚਰਨ ਬਾਰੇ ਸਵਾਲ ਪੁੱਛੇ ਗਏ ਸਨ, ਜਿਸ 'ਚ ਸਮਰੱਥਾਂ, ਸੁਰੱਖਿਆ ਅਤੇ ਮਿੱਤਰਤਾ ਨੂੰ ਲੈ ਕੇ ਸਵਾਲ ਕੀਤੇ ਗਏ। ਇਸ ਤੋਂ ਇਲਾਵਾ ਖਾਣ-ਪੀਣ, ਸੱਭਿਆਚਾਰ, ਰਿਸ਼ਤੇ ਅਤੇ ਆਪਸੀ ਭਾਈਚਾਰਕ ਸਾਂਝ, ਖੁਸ਼ੀ ਅਤੇ ਰਹਿਣ ਯੋਗ ਥਾਂ ਬਾਰੇ ਪੁੱਛਿਆ ਗਿਆ। ਰਿਪੋਰਟ ਮੁਤਾਬਕ 10 'ਚੋਂ 9 ਮੈਲਬੌਰਨ ਵਾਸੀਆਂ ਦਾ ਕਹਿਣਾ ਸੀ ਕਿ ਅਸੀਂ 24 ਘੰਟੇ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ 89 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਇਹ ਮਜ਼ੇਦਾਰ ਰਹਿਣ ਯੋਗ ਸ਼ਹਿਰ ਹੈ। ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਮੈਲਬੌਰਨ 'ਚ ਆਸਾਨੀ ਨਾਲ ਦੋਸਤ ਬਣ ਜਾਂਦੇ ਹਨ ਅਤੇ ਲੋਕ ਇਕ-ਦੂਜੇ ਨਾਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝੇ ਕਰਦੇ ਹਨ, ਜਿਸ ਕਾਰਨ ਸਾਨੂੰ ਇਹ ਸ਼ਹਿਰ ਬਹੁਤ ਪਸੰਦ ਹੈ।