ਮੈਲਬੋਰਨ ਵਿੱਚ ਲੇਖਕ ਜੁਗਿੰਦਰ ਸੰਧੂ ਦੀ ਪੁਸਤਕ ''ਸਿਰ ਵਿਹੁਣੇ ਧੜ'' ਰੀਲੀਜ਼

09/01/2017 8:57:09 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)—ਬੀਤੇ ਮੰਗਲਵਾਰ ਨੂੰੰ ਮੈਲਬੋਰਨ ਦੇ 'ਰਾਇਲ ਈਟਰੀ ਰੇਸਤਰਾਂ' ਵਿੱਚ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਜੁਗਿੰਦਰ ਸੰਧੂ ਦੀ ਪੁਸਤਕ 'ਸਿਰ ਵਿਹੁਣੇ ਧੜ' ਰਿਲੀਜ਼ ਕੀਤੀ ਗਈ।ਇਸ ਸਮਾਗਮ ਵਿੱਚ ਪ੍ਰਸਿੱਧ ਗਾਇਕ ਮਨਮੋਹਣ ਵਾਰਿਸ, ਸੰਗਤਾਰ, ਕਮਲ ਹੀਰ ਅਤੇ ਦੀਪਕ ਬਾਲੀ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੈਲਬੋਰਨ ਦੇ ਨੌਜਵਾਨ ਸ਼ਾਇਰ ਬੱਬਲ ਟਹਿਣਾ ਵੱਲੋਂ ਪੁਸਤਕ ਤੇ ਪੰਛੀ ਝਾਤ ਦੇ ਰੂਪ ਵਿੱਚ ਕੀਤੀ ਗਈ। ਪੰਜਾਬ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਸ. ਸੰਧੂ ਦੇ ਪੱਤਰਕਾਰੀ ਖੇਤਰ ਵਿੱਚ ਮਸ਼ਰੂਫ ਹੋਣ ਦੇ ਬਾਵਜੂਦ ਪੰਜਾਬੀ ਸਾਹਿਤ ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਪਰੰਤ ਵਾਰਿਸ ਭਰਾਵਾਂ ਨੇ ਇਸ ਕਾਵਿ ਪੁਸਤਕ ਨੂੰ ਸਮਾਜਿਕ ਸੇਧ ਦਾ ਮੁਨਾਰਾ ਦੱਸਦਿਆਂ ਨੌਜਵਾਨਾਂ ਨੂੰ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸੁਹਿਰਦ ਪਹੁੰਚ ਅਪਨਾਉਣ ਲਈ ਕਿਹਾ।ਉਹਨਾਂ ਉਮੀਦ ਪਰਗਟ ਕਰਦਿਆ ਕਿਹਾ ਕਿ ਲੇਖਕ ਤੇ ਨਿੱਜੀ ਤਜ਼ਰਬਿਆਂ ਤੇ ਆਧਾਰਿਤ ਇਹ ਕਾਵਿ ਸੰਗਹ੍ਰਿ ਅਜੋਕੀ ਪੀੜੀ ਲਈ ਚਾਨਣ ਮੁਨਾਰਾ ਸਿੱਧ ਹੋਵੇਗੀ।ਲੇਖਕ ਜੁਗਿੰਦਰ ਸੰਧੂ ਨੇ ਸੰਖੇਪ ਭਾਸ਼ਣ ਦੌਰਾਨ ਆਪਣੀ ਸਾਹਿਤ ਪ੍ਰਤੀ ਦਿਲਚਸਪੀ ਅਤੇ ਪੁਸਤਕ ਬਾਰੇ ਚਾਨਣਾ ਪਾਇਆ।


`ਸਿਰ ਵਿਹੁਣੇ ਧੜ` ਪੁਸਤਕ ਵਿੱਚ 104 ਕਵਿਤਾਵਾਂ ਅਤੇ ਗਜ਼ਲਾਂ ਦਰਜ ਕੀਤੀਆਂ ਗਈਆਂ ਹਨ ਤੇ ਇਹ ਰਚਨਾਵਾਂ ਪੰਜਾਬ ਦੀ ਕਿਰਸਾਨੀ,ਪੇਂਡੂ ਸੱਭਿਆਚਾਰ, ਰਾਜਨੀਤਕ ਤੇ ਅਜੋਕੇ ਹਾਲਾਤਾਂ ਦੀ ਤਰਜ਼ਮਾਨੀ ਕਰਦੀਆਂ ਹਨ।ਮੈਲਬੋਰਨ ਦੇ ਪੰਜਾਬੀ ਮੀਡੀਆ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਸਾਹਿਤਕ ਉੱਦਮ ਲਈ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਸਰਵਣ ਸੰਧੂ, ਗੁਰਸਾਹਿਬ ਸੰਧੂ, ਹਰਪ੍ਰੀਤ ਸੰਧੂ, ਪਰਗਟ ਗਿੱਲ,ਬਲਵਿੰਦਰ ਲਾਲੀ, ਕੁਲਬੀਰ ਕੈਮ ਸਮੇਤ ਕਈ ਸ਼ਖਸ਼ੀਅਤਾਂ ਹਾਜ਼ਰ ਸਨ।