ਸ਼ਾਹੀ ਪਰਿਵਾਰ ਨੇ ਸਾਂਝੀ ਕੀਤੀ ਖੁਸ਼ਖਬਰੀ, ਜਲਦ ਹੀ ਹੋਵੇਗੀ ਨਵੇਂ ਮਹਿਮਾਨ ਦੀ ਐਂਟਰੀ

10/15/2018 3:38:45 PM

ਲੰਡਨ(ਏਜੰਸੀ)— ਇੰਗਲੈਂਡ ਦੇ ਰਾਜਕੁਮਾਰ ਹੈਰੀ ਅਤੇ ਮੇਗਨ ਮਾਰਕਲ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ। ਉਨ੍ਹਾਂ ਨੇ ਇਹ ਖਬਰ ਸਾਂਝੀ ਕੀਤੀ ਹੈ ਕਿ ਉਹ ਪਹਿਲੇ ਬੱਚੇ ਦੇ ਮਾਂ-ਬਾਪ ਬਣਨ ਵਾਲੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਅਦਾਕਾਰਾ ਰਹਿ ਚੁੱਕੀ ਮੇਗਨ ਅਤੇ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਹੈਰੀ ਨੇ 19 ਮਈ 2018 ਨੂੰ ਵਿਆਹ ਕਰਵਾਇਆ ਸੀ, ਜਿਸ 'ਚ ਬਹੁਤ ਸਾਰੇ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ। ਇਸ ਸ਼ਾਹੀ ਵਿਆਹ ਲਈ ਇੰਗਲੈਂਡ ਨੂੰ ਸਜਾ ਦਿੱਤਾ ਗਿਆ ਸੀ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ।


37 ਸਾਲਾ ਮੇਗਨ ਅਤੇ 34 ਸਾਲਾ ਪ੍ਰਿੰਸ ਹੈਰੀ ਰਾਇਲ ਟੂਰ ਤਹਿਤ 12 ਅਕਤੂਬਰ ਨੂੰ ਆਪਣੇ ਪਰਿਵਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਸਟਰੇਲੀਆ ਗਏ ਸਨ, ਜਿੱਥੇ ਮੇਗਨ ਦੇ ਗਰਭਵਤੀ ਹੋਣ ਦੀ ਗੱਲ ਸਾਂਝੀ ਕੀਤੀ ਗਈ। 
ਤੁਹਾਨੂੰ ਦੱਸ ਦਈਏ ਕਿ ਕੇਨਸਿੰਗਟਨ ਪੈਲਸ ਨੇ ਪ੍ਰਿੰਸ ਹੈਰੀ ਨੂੰ 'ਡਿਊਕ ਆਫ ਸੁਸੈਕਸ' ਅਤੇ ਮੇਗਨ ਨੂੰ ਵਿਆਹ ਮਗਰੋਂ 'ਡਚੇਸ ਆਫ ਸੁਸੈਕਸ' ਟਾਈਟਲ ਨਾਲ ਨਵਾਜ਼ਿਆ ਗਿਆ ਸੀ। ਇਸ ਖੁਸ਼ਖਬਰੀ ਨੂੰ ਕੇਨਸਿੰਗਟਨ ਪੈਲਸ ਵਲੋਂ ਟਵੀਟ ਕਰਕੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਡਿਊਕ ਅਤੇ ਡਚੇਸ ਆਫ ਸੁਸੈਕਸ ਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡਚੇਸ ਆਫ ਸੁਸੈਕਸ ਗਰਭਵਤੀ ਹੈ ਅਤੇ 2019 ਦੀ ਬਸੰਤ 'ਚ ਉਨ੍ਹਾਂ ਦਾ ਬੱਚਾ ਜਨਮ ਲਵੇਗਾ। ਜਾਣਕਾਰੀ ਮੁਤਾਬਕ ਮੇਗਨ 12 ਹਫਤਿਆਂ ਤੋਂ ਗਰਭਵਤੀ ਹੈ।