ਮੇਗਨ ਮਰਕੇਲ ਨੇ ਬ੍ਰਿਟੇਨ ਦੇ ਅਖ਼ਬਾਰ ਖ਼ਿਲਾਫ਼ ਜਿੱਤਿਆ ਨਿੱਜਤਾ ਦੇ ਘਾਣ ਦਾ ਮੁਕੱਦਮਾ

02/12/2021 6:12:27 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਡਚੇਸ ਆਫ ਸਸੈਕਸ ਮੇਗਨ ਮਰਕੇਲ ਨੇ ਨਿੱਜਤਾ ਦੇ ਘਾਣ ਨੂੰ ਲੈ ਕੇ ਐਸੋਸੀਏਟਿਡ ਨਿਊਜ਼ ਪੇਪਰਜ਼ ਲਿਮੀਟਿਡ (ਏ.ਐੱਨ.ਐੱਲ.) ਖ਼ਿਲਾਫ਼ ਲੰਡਨ ਹਾਈਕੋਰਟ ਵਿਚ ਦਾਇਰ ਮੁਕੱਦਮਾ ਜਿੱਤ ਲਿਆ। ਜਿੱਤਣ ਦੇ ਬਾਅਦ ਮਰਕੇਲ ਨੇ ਇਸ ਫ਼ੈਸਲੇ ਨੂੰ 'ਨਿੱਜਤਾ ਅਤੇ ਕਾਪੀਰਾਈਟ ਦੀ ਸਮੁੱਚੀ ਜਿੱਤ' ਕਰਾਰ ਦਿੱਤਾ। ਏ.ਐੱਨ.ਐੱਲ. ਨੇ ਮਰਕੇਲ ਵੱਲੋਂ ਆਪਣੇ ਪਿਤਾ ਨੂੰ ਲਿਖੇ ਗਏ ਪੱਤਰਾਂ ਦੇ ਕੁਝ ਅੰਸ਼ ਪ੍ਰਕਾਸ਼ਿਤ ਕੀਤੇ ਸਨ। ਇਹਨਾਂ ਨਿੱਜੀ ਪੱਤਰਾਂ ਦੇ ਪ੍ਰਕਾਸ਼ਨ ਸੰਬੰਧੀ ਮਰਕੇਲ ਨੇ 'ਮੇਲ ਆਨ ਸੰਡੇ' ਅਤੇ 'ਮੇਲ ਆਨਲਾਈਨ' ਦੇ ਪ੍ਰਕਾਸ਼ਕਾਂ 'ਤੇ ਮੁਕੱਦਮਾ ਕੀਤਾ ਸੀ। ਇਸ ਮਾਮਲੇ ਵਿਚ ਜੱਜ ਮਰਕ ਵਰਬੀ ਨੇ ਮਰਕੇਲ ਦੇ ਪੱਖ ਵਿਚ ਫ਼ੈਸਲਾ ਸੁਣਾਇਆ। 

ਜੱਜ ਨੇ ਕਿਹਾ,''ਮੁਦਈ ਨੂੰ ਵਾਜਬ ਆਸ ਸੀ ਕਿ ਪੱਤਰ ਦੀ ਵਿਸ਼ਾ ਵਸਤੂ ਨੂੰ ਨਿੱਜੀ ਰੱਖਿਆ ਜਾਵੇ। ਮੇਲ ਦੇ ਲੇਖਾਂ ਨੇ ਇਸ ਵਾਜਬ ਆਸ ਨੂੰ ਪੂਰਾ ਨਹੀਂ ਕੀਤਾ।'' ਮਰਕੇਲ ਨੇ ਇਸ ਪ੍ਰਕਿਰਿਆ ਦੌਰਾਨ ਸਹਿਯੋਗ ਦੇਣ ਲਈ ਆਪਣੇ ਪਤੀ ਪ੍ਰਿੰਸ ਹੈਰੀ ਦਾ ਵੀ ਧੰਨਵਾਦ ਕੀਤਾ। ਮਰਕੇਲ ਨੇ ਫੈ਼ਸਲੇ ਮਗਰੋਂ ਬਿਆਨ ਵਿਚ ਕਿਹਾ,''ਮੈਂ ਅਦਾਲਤ ਦੀ ਧੰਨਵਾਦੀ ਹਾਂ ਕਿ ਦੋ ਸਾਲ ਤੱਕ ਮੁਕੱਦਮਾ ਚਲਣ ਦੇ ਬਾਅਦ ਐਸੀਸੀਏਟਿਡ ਨਿਊਜ਼ ਪੇਪਰਜ਼ ਅਤੇ ਦੀ ਮੇਲ ਨੂੰ ਉਹਨਾਂ ਦੀ ਗੈਰ ਕਾਨੂੰਨੀ ਅਤੇ ਅਣਮਨੁੱਖੀ ਗਤੀਵਿਧੀਆਂ ਲਈ ਜਵਾਬਦੇਹ ਬਣਾਇਆ ਗਿਆ।'' 

ਉਹਨਾਂ ਨੇ ਕਿਹਾ ਕਿ ਇਹਨਾਂ ਅਖ਼ਬਾਰਾਂ ਲਈ ਇਹ ਇਕ ਖੇਡ ਹੈ। ਮੇਰੇ ਅਤੇ ਕਈ ਹੋਰ ਲੋਕਾਂ ਲਈ ਇਹ ਅਸਲ ਜ਼ਿੰਦਗੀ, ਅਸਲ ਰਿਸ਼ਤਿਆਂ ਅਤੇ ਅਸਲ ਉਦਾਸੀ ਹੈ। ਮਰਕੇਲ ਨੇ ਇਸ ਫ਼ੈਸਲੇ ਨੂੰ ਨਿੱਜਤਾ ਅਤੇ ਕਾਪੀਰਾਈਟ ਦੀ ਸਮੁੱਚੀ ਜਿੱਤ ਦੱਸਿਆ। ਇਸ ਦੌਰਾਨ ਏ.ਐੱਨ.ਐੱਲ. ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਅੱਜ ਦੇ ਫ਼ੈਸਲੇ ਨਾਲ ਹੈਰਾਨ ਅਤੇ ਨਿਰਾਸ਼ ਹਾਂ। ਸਾਨੂੰ ਪੂਰੇ ਸਬੂਤ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ।'' ਬੀ.ਬੀ.ਸੀ. ਮੁਤਾਬਕ, ਬੁਲਾਰੇ ਨੇ ਕਿਹਾ,''ਅਸੀਂ ਫੈ਼ਸਲੇ ਦਾ ਅਧਿਐਨ ਕਰ ਰਹੇ ਹਾਂ ਅਤੇ ਅੱਗੇ ਅਪੀਲ ਕਰਨ 'ਤੇ ਫ਼ੈਸਲਾ ਬਾਅਦ ਵਿਚ ਹੋਵੇਗਾ।

Vandana

This news is Content Editor Vandana