ਡੋਨਾਲਡ ਟਰੰਪ ਤੇ ਪੁਤਿਨ ਵਿਚਾਲੇ ਬੈਠਕ ਤੈਅ ਸਮੇਂ ''ਤੇ ਹੀ ਹੋਵੇਗੀ : ਵ੍ਹਾਈਟ ਹਾਊਸ

07/15/2018 3:43:35 AM

ਵਾਸ਼ਿੰਗਟਨ — ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਦੀ ਜਾਂਚ ਦੇ ਬਾਵਜੂਦ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਬੈਠਕ ਤੈਅ ਯੋਜਨਾ ਦੇ ਤਹਿਤ ਹੋਵੇਗੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਦੋਵੇਂ ਨੇਤਾ ਸੋਮਵਾਰ ਨੂੰ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਬੁਲਾਰੀ ਸਾਰਾ ਸੈਂਡਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਪੁਤਿਨ ਵਿਚਾਲੇ ਬੈਠਕ ਜ਼ਰੂਰ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀਆਂ ਕਈ ਅਟਕਲਾਂ ਸਾਹਮਣੇ ਆਈਆਂ ਸਨ ਕਿ ਅਮਰੀਕਾ ਵੱਲੋਂ ਰੂਸ ਦੇ 12 ਖੁਫੀਆ ਅਧਿਕਾਰੀਆਂ 'ਤੇ ਦੋਸ਼ ਲਾਏ ਜਾਣ ਕਾਰਨ ਇਹ ਬੈਠਕ ਰੱਦ ਹੋ ਸਕਦੀ ਹੈ। ਇਸ ਵਿਚਾਲੇ ਰੂਸ ਨੇ ਕਿਹਾ ਹੈ ਕਿ ਉਹ ਇਸ ਬੈਠਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਰੂਸ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਟਰੰਪ ਨੂੰ ਇਕ ਦੋਸਤ ਦੇ ਤੌਰ 'ਤੇ ਦੇਖ ਰਹੇ ਹਾਂ। ਹਾਲਾਂਕਿ ਦੋ-ਪੱਖੀ ਸੰਬੰਧ ਕਾਫੀ ਬੁਰੇ ਦੌਰ 'ਤੋਂ ਗੁਜਰ ਰਹੇ ਹਨ ਪਰ ਸਾਨੂੰ ਇਨ੍ਹਾਂ ਸਭ ਤੋਂ ਉਪਰ ਉੱਠ ਕੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ।