ਟਰੰਪ ਨਾਲ ਮਿਲਣ ਲਈ ਤਿਆਰ ਹਾਂ : ਪੁਤਿਨ

06/10/2018 5:23:04 PM

ਮਾਸਕੋ (ਭਾਸ਼ਾ)— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਐਤਵਾਰ ਨੂੰ ਕਿਹਾ ਕਿ ਜਿਵੇਂ ਹੀ ਅਮਰੀਕਾ ਉਨ੍ਹਾਂ ਨਾਲ ਸ਼ਿਖਰ ਬੈਠਕ ਲਈ ਤਿਆਰ ਹੁੰਦਾ ਹੈ। ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਵਿਚ ਖੁਸ਼ੀ ਹੋਵੇਗੀ। ਪੁਤਿਨ ਨੇ ਸ਼ੰਘਾਈ ਸਹਿਯੋਗ ਸੰਗਠਨ ਸ਼ਿਖਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਹਥਿਆਰਾਂ ਦੀ ਨਵੀਂ ਦੌੜ ਪ੍ਰਤੀ ਟਰੰਪ ਦੀ ਚਿੰਤਾ ਨਾਲ ਉਹ ਸਹਿਮਤ ਹਨ ਅਤੇ ਇਸ ਮੁੱਦੇ ਦੇ ਹੱਲ ਲਈ ਵਿਆਪਕ ਗੱਲਬਾਤ ਦੀ ਲੋੜ ਹੈ। ਪੁਤਿਨ ਨੇ ਕਿਹਾ ਕਿ ਆਸਟ੍ਰੀਆ ਸਮੇਤ ਕੁਝ ਦੇਸ਼ਾਂ ਨੇ ਟਰੰਪ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਪੁਤਿਨ ਦਾ ਬਿਆਨ ਇਨ੍ਹਾਂ ਖਬਰਾਂ ਵਿਚਕਾਰ ਆਇਆ ਹੈ ਕਿ ਵ੍ਹਾਈਟ ਹਾਊਸ ਦੇ ਅਧਿਕਾਰੀ ਦੋਹਾਂ ਨੇਤਾਵਾਂ ਦੀ ਮੁਲਾਕਾਤ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। 
ਟਰੰਪ ਨੇ ਕਿਹਾ ਹੈ ਕਿ ਉਹ ਪੁਤਿਨ ਦੇ ਨਾਲ ਮੁਲਾਕਾਤ ਲਈ ਤਿਆਰ ਹਨ। ਅਮਰੀਕਾ ਦੇ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਿਨ ਨੇ ਹੀ ਟਰੰਪ ਨੂੰ ਜਿੱਤਣ ਵਿਚ ਮਦਦ ਕਰਨ ਲਈ ਅਮਰੀਕਾ ਦੀਆਂ ਸਾਲ 2016 ਦੀਆਂ ਚੋਣਾਂ ਵਿਚ ਦਖਲ ਦਿੱਤਾ ਸੀ। ਟਰੰਪ ਬਾਰ-ਬਾਰ ਕਹਿ ਚੁੱਕੇ ਹਨ ਕਿ ਉਹ ਰੂਸ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਹਨ। ਐਤਵਾਰ ਨੂੰ ਪੁਤਿਨ ਨੇ ਇੱਥੇ ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਵਿਚ ਆਪਣੇ ਸੰਬੋਧਨ ਵਿਚ ਈਰਾਨ ਦੇ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੀ ਆਲੋਚਨਾ ਕੀਤੀ। ਪੁਤਿਨ ਸ਼ੰਘਾਈ ਸਹਿਯੋਗ ਸੰਗਠਨ ਵਿਚ ਹਿੱਸਾ ਲੈਣ ਆਏ ਹੋਏ ਹਨ। ਇਸ ਸੰਗਠਨ ਵਿਚ ਚੀਨ, ਸਾਬਕਾ ਸੋਵੀਅਤ ਯੂਨੀਅਨ ਦੇ ਚਾਰ ਦੇਸ਼, ਭਾਰਤ ਤੇ ਪਾਕਿਸਤਾਨ ਹਨ।