ਓਨਟਾਰੀਓ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ

01/03/2018 3:55:14 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਨਾਗਰਿਕਾਂ ਨੂੰ ਨਵੇਂ ਸਾਲ ਦਾ ਖਾਸ ਤੋਹਫਾ ਦਿੱਤਾ ਹੈ , ਜਿਸ ਤਹਿਤ ਓਨਟਾਰੀਓ ਵਾਸੀ ਦਵਾਈਆਂ ਮੁਫਤ ਲੈ ਸਕਦੇ ਹਨ। ਬੱਚਿਆਂ ਅਤੇ 24 ਸਾਲ ਤਕ ਦੀ ਉਮਰ ਵਾਲੇ ਨਾਗਰਿਕਾਂ ਨੂੰ ਮੁਫਤ ਦਵਾਈਆਂ ਦੀਆਂ ਸਹੂਲਤਾਂ ਮਿਲ ਸਕਣਗੀਆਂ। ਇਸ ਤੋਂ ਪਹਿਲਾਂ ਇਸ ਸੂਬੇ ਨੇ ਕਰਮਚਾਰੀਆਂ ਨੂੰ ਜਨਵਰੀ 2018 ਪ੍ਰਤੀ ਘੰਟਾ 14 ਡਾਲਰ ਉਜਰਤ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਇਹ ਦੂਜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ 4,400 ਤੋਂ ਵਧੇਰੇ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਮਿਲ ਸਕਣਗੀਆਂ। 
ਕੀ ਕਰਨਾ ਹੋਵੇਗਾ—
ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਇਹ ਸਹੂਲਤ ਮਿਲਣਾ ਵੱਡੀ ਗੱਲ ਹੈ ਕਿਉਂਕਿ ਲੋਕਾਂ ਦੇ ਸਿਰੋਂ ਦਵਾਈਆਂ ਦੇ ਖਰਚੇ ਦਾ ਭਾਰ ਘਟਾਉਣ ਲਈ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ। ਓਨਟਾਰੀਓ 'ਚ ਓ.ਐੱਚ.ਆਈ.ਪੀ. ਪਲੱਸ ਚਿਲਡਰਨ ਐਂਡ ਯੂਥ ਫਾਰਮਾਕੇਅਰ ਨੂੰ ਲਾਂਚ ਕੀਤਾ ਗਿਆ। ਡਾਕਟਰੀ ਸਲਾਹ ਮਗਰੋਂ ਜਦ ਵੀ ਕਿਸੇ ਨੂੰ ਦਵਾਈ ਚਾਹੀਦੀ ਹੋਵੇਗੀ, ਉਸ ਸਮੇਂ ਉਸ ਵਿਅਕਤੀ ਨੂੰ ਮੁਫਤ ਦਵਾਈ ਮਿਲ ਸਕੇਗੀ। ਇਸ ਦੇ ਲਈ ਮਰੀਜ਼ ਨੂੰ ਆਪਣਾ ਓਨਟਾਰੀਓ ਹੈਲਥ ਕਾਰਡ ਨੰਬਰ ਦਿਖਾਉਣਾ ਪਵੇਗਾ। 
ਕਿਹੜੀਆਂ ਬੀਮਾਰੀਆਂ ਦੀਆਂ ਦਵਾਈਆਂ ਮਿਲਣਗੀਆਂ—
ਇਸ ਤਹਿਤ ਇੰਸੂਲਿਨ, ਡਾਇਬਟੀਜ਼ ਜਾਂਚਣ ਵਾਲੀਆਂ ਸਟਰਿੱਪਜ਼, ਅਸਥਮਾ ਇਨਹੇਲਰਜ਼, ਤਣਾਅ, ਚਿੰਤਾ, ਮਿਰਗੀ, ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਤੋਂ ਮੁਕਤੀ ਦਿਵਾਉਣ ਵਾਲੀਆਂ ਦਵਾਈਆਂ, ਐਂਟੀਬਾਇਓਟਿਕਸ, ਐਪੀਪੈਨਜ਼, ਓਰਲ ਕਾਂਟਰਾਸੈਪਟਿਵਜ਼, ਬੱਚਿਆਂ ਨਾਲ ਸਬੰਧਤ ਕੁੱਝ ਹੋਰ ਬੀਮਾਰੀਆਂ ਦੀਆਂ ਦਵਾਈਆਂ ਮੁਫਤ ਮਿਲਣਗੀਆਂ। ਓਨਟਾਰੀਓ ਵਾਸੀਆਂ ਲਈ ਨਵੇਂ ਸਾਲ ਦਾ ਇਸ ਤੋਂ ਵਧੀਆ ਹੋਰ ਤੋਹਫਾ ਨਹੀਂ ਹੋ ਸਕਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਦਵਾਈਆਂ ਦਾ ਖਰਚ ਝੱਲਣਯੋਗ ਨਹੀਂ ਹੁੰਦੇ ਤੇ ਉਹ ਜ਼ਰੂਰੀ ਦਵਾਈਆਂ ਲੈਣੀਆਂ ਵੀ ਛੱਡ ਦਿੰਦੇ ਹਨ।


Related News