8,310 ਮੈਡੀਕਲ ਕਰਮਚਾਰੀ ਹੁਬੇਈ ਲਈ ਰਵਾਨਾ, ਕਰਨਗੇ ਵਾਇਰਸ ਪੀੜਤਾਂ ਦਾ ਇਲਾਜ

02/03/2020 1:39:03 PM

ਬੀਜਿੰਗ— ਕੋਰੋਨਾ ਵਾਇਰਸ 'ਤੇ ਕੰਟਰੋਲ ਕਰਨ ਲਈ 8,310 ਮੈਡੀਕਲ ਕਰਮਚਾਰੀ ਤੇ ਡਾਕਟਰਾਂ ਦੀਆਂ ਕੁੱਲ 68 ਮੈਡੀਕਲ ਟੀਮਾਂ ਨੂੰ ਹੁਬੇਈ ਸੂਬੇ 'ਚ ਭੇਜਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੁਬੇਈ ਸੂਬੇ ਦੇ ਵਾਈਸ ਗਵਰਨਰ ਸ਼ੀਓ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਹ ਸਾਰੇ ਮੈਡੀਕਲ ਦਲ 29 ਸੂਬਿਆਂ, ਨਗਰਪਾਲਿਕਾਵਾਂ ਅਤੇ ਖੇਤਰਾਂ ਨਾਲ ਹੀ ਰਾਸ਼ਟਰੀ ਸਿਹਤ ਵਿਭਾਗ, ਟੀ. ਐੱਸ. ਐੱਮ. ਦੇ ਰਾਸ਼ਟਰੀ ਪ੍ਰਸ਼ਾਸਨ, ਚੀਨੀ ਆਯੁਰਵਿਗਿਆਨ ਦੇ ਚੀਨ ਅਕਾਦਮੀ ਅਤੇ ਹੋਰ ਫੌਜੀ ਖੇਤਰਾਂ ਤੋਂ ਆਏ ਹਨ।

ਵਾਈਸ ਗਵਰਨਰ ਨੇ ਕਿਹਾ ਕਿ ਮੈਡੀਕਲ ਸਟਾਫ 'ਚ ਸਾਹ, ਵਾਇਰਸ, ਮੈਡੀਸਨ ਨਾਲ ਸੰਬੰਧਤ ਵਿਸ਼ੇਸ਼ ਡਾਕਟਰ ਅਤੇ ਨਰਸਾਂ ਹਨ। ਇਨ੍ਹਾਂ 'ਚੋਂ ਕੁਝ ਮੈਡੀਕਲ ਕਰਮਚਾਰੀਆਂ ਨੂੰ ਐੱਸ. ਆਰ. ਐੱਸ. ਅਤੇ ਈਬੋਲਾ ਸਬੰਧੀ ਬੀਮਾਰੀ 'ਤੇ ਕਾਬੂ ਪਾਉਣ ਦਾ ਅਨੁਭਵ ਹੈ। ਵੂਹਾਨ ਦੇ 27 ਹਸਪਤਾਲਾਂ 'ਚ 57 ਮੈਡੀਕਲ ਦਲਾਂ ਦੇ ਕੁੱਲ 6,775 ਮੈਡੀਕਲ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ ਜੋ ਇਸ ਜਾਨਲੇਵਾ ਬੀਮਾਰੀ ਦਾ ਕੇਂਦਰ ਹੈ। ਜਦਕਿ 11 ਮੈਡੀਕਲ ਦਲਾਂ ਦੇ ਕੁੱਲ 1,535 ਮੈਡੀਕਲ ਕਰਮਚਾਰੀਆਂ ਨੂੰ ਹੋਰ ਸ਼ਹਿਰਾਂ 'ਚ ਭੇਜਿਆ ਗਿਆ ਹੈ ਜੋ ਇਸ ਬੀਮਾਰੀ ਦੇ ਵਾਇਰਸ ਨਾਲ ਪ੍ਰਭਾਵਿਤ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਹੁਵੇਈ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ 11,177 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ 'ਚ 351 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 1710 ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।