ਆਸਟ੍ਰੇਲੀਆ ਦੇ ਇਸ ਸੂਬੇ ''ਚ ਖਸਰੇ ਨੇ ਮੁੜ ਦਿੱਤੀ ਦਸਤਕ

10/16/2019 3:13:18 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਵਾਰ ਫਿਰ ਖਸਰਾ ਫੈਲ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਟੀਕਾ ਲਗਵਾਉਣ ਤੇ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਹਫਤੇ ਦੇ ਵਿਚ-ਵਿਚ ਖਸਰਾ ਪੀੜਤਾਂ ਦੇ 8 ਕੇਸ ਸਾਹਮਣੇ ਆਏ ਹਨ। ਵਧੇਰੇ ਕੇਸ ਬ੍ਰਿਸਬੇਨ ਦੇ ਲੋਗਾਨ 'ਚੋਂ ਦੇਖਣ ਨੂੰ ਮਿਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ 'ਚੋਂ ਇਕ ਵਿਅਕਤੀ ਨੇ ਚੀਨ ਏਅਰਲਾਈਨਜ਼ ਫਲਾਈਟ ਰਾਹੀਂ ਆਕਲੈਂਡ ਤੋਂ ਬ੍ਰਿਸਬੇਨ ਦਾ ਸਫਰ ਕੀਤਾ ਸੀ।  ਇਸ ਲਈ ਜਿਨ੍ਹਾਂ ਲੋਕਾਂ ਨੇ ਇਸ ਫਲਾਈਟ 'ਚ ਸਫਰ ਕੀਤਾ, ਉਨ੍ਹਾਂ ਦੇ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਸੁਰੱਖਿਆ ਦੇ ਤੌਰ 'ਤੇ ਲੋਕਾਂ ਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਸਾਲ ਨਿਊ ਸਾਊਥ ਵੇਲਜ਼ ਸਮੇਤ ਆਸਟ੍ਰੇਲੀਆ ਦੇ ਕਈ ਸੂਬਿਆਂ 'ਚ ਖਸਰਾ ਫੈਲਿਆ ਸੀ।

ਤੁਹਾਨੂੰ ਦੱਸ ਦਈਏ ਕਿ ਖਸਰਾ ਹੋਣ 'ਤੇ ਵਿਅਕਤੀ ਨੂੰ ਬੁਖਾਰ, ਜ਼ੁਕਾਮ, ਥਕਾਵਟ, ਅੱਖਾਂ 'ਚ ਸੋਜ ਅਤੇ ਲਾਲ ਦਾਣੇ ਹੋਣ ਦੀ ਪ੍ਰੇਸ਼ਾਨੀ ਹੁੰਦੀ ਹੈ। ਇਸ ਕਾਰਨ ਪਹਿਲਾਂ ਤੋਂ ਬੀਮਾਰ ਵਿਅਕਤੀ ਨੂੰ ਕਾਫੀ ਖਤਰਾ ਹੋ ਸਕਦਾ ਹੈ। ਖਾਸ ਕਰਕੇ ਨਿਮੋਨੀਆ ਵਰਗੀ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਇਹ ਵੱਡਾ ਖਤਰਾ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਸਿਹਤ ਵਿਭਾਗ ਵਲੋਂ ਪਹਿਲਾਂ ਵੀ ਲੋਕਾਂ ਨੂੰ ਟੀਕਾਕਰਣ ਸਬੰਧੀ ਸੁਚੇਤ ਕੀਤਾ ਗਿਆ ਸੀ। ਡਾਕਟਰਾਂ ਦੀ ਅਪੀਲ ਹੈ ਕਿ ਜਿਨ੍ਹਾਂ ਲੋਕਾਂ ਨੇ ਇਕ ਵਾਰ ਟੀਕਾ ਲਗਵਾਇਆ ਸੀ, ਉਹ ਦੋਬਾਰਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਕਿ ਉਹ ਖਸਰੇ ਤੋਂ ਬਚ ਸਕਣ।


Related News