ਗੋਲੀਬਾਰੀ ਕਾਰਨ 27 ਲੋਕਾਂ ਦੀ ਮੌਤ, ਥਾਈਲੈਂਡ ਦੇ PM ਨੇ ਜਤਾਇਆ ਦੁੱਖ

02/09/2020 12:02:53 PM

ਨਾਖੋਨ— ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਨੇ ਐਤਵਾਰ ਨੂੰ ਦੱਸਿਆ ਕਿ ਇਕ ਮਾਲ 'ਚ ਭਿਆਨਕ ਗੋਲੀਬਾਰੀ ਕਰਨ ਵਾਲੇ ਹਮਲਾਵਰ ਨੇ ਕਿਸੇ ਨਿੱਜੀ ਪ੍ਰੇਸ਼ਾਨੀ ਕਾਰਨ ਇਹ ਹਮਲਾ ਕੀਤਾ। ਉਨ੍ਹਾਂ ਨੇ ਇਸ ਹਮਲੇ 'ਚ 27 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਪ੍ਰਯੁਤ ਨੇ ਕਿਹਾ,''ਅਜਿਹਾ ਥਾਈਲੈਂਡ 'ਚ ਪਹਿਲਾਂ ਕਦੇ ਨਹੀਂ ਹੋਇਆ ਤੇ ਮੈਂ ਚਾਹੁੰਦਾ ਹਾਂ ਕਿ ਮੁੜ ਕੇ ਅਜਿਹਾ ਕਦੇ ਨਾ ਹੋਵੇ।'' ਹਮਲਾਵਰ ਨੇ ਪੂਰਬ-ਉੱਤਰੀ ਥਾਈਲੈਂਡ ਦੇ ਨਾਖੋਨ ਰਤਚਾਸਿਮਾ ਸ਼ਹਿਰ 'ਚ ਸਥਿਤ ਇਕ ਮਾਲ 'ਚ ਸ਼ਨੀਵਾਰ ਨੂੰ ਗੋਲੀਬਾਰੀ ਕਰ ਦਿੱਤੀ, ਜਿਸ 'ਚ ਤਕਰੀਬਨ 27 ਲੋਕ ਮਾਰੇ ਗਏ ਅਤੇ ਹੋਰ 57 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  



ਪੁਲਸ ਅਤੇ ਹਮਲਾਵਰ ਵਿਚਕਾਰ ਇਹ ਝੜਪ ਤਕਰੀਬਨ 17 ਘੰਟੇ ਤਕ ਚੱਲੀ, ਜਿਸ 'ਚ ਥਾਈਲੈਂਡ ਦੀਆਂ ਖਾਸ ਪੁਲਸ ਇਕਾਈ ਦੇ ਕਮਾਂਡੋ ਨੇ ਹਮਲਾਵਰ ਨੂੰ ਮਾਰ ਦਿੱਤਾ। ਹਮਲਾਵਰ ਦਾ ਨਾਂ ਸਰਜੈਂਟ ਜਕਰਾਪੰਤ ਥੋਮਾ ਸੀ, ਜੋ ਇਕ ਫੌਜੀ ਸੀ। ਪ੍ਰਯੁਤ ਨੇ ਦੱਸਿਆ ਕਿ ਬੰਦੂਕਧਾਰੀ ਦੇ ਹਮਲੇ ਦਾ ਮਕਸਦ ਇਕ ਘਰ ਦੀ ਵਿਕਰੀ ਨਾਲ ਜੁੜਿਆ ਹੈ।