ਮੈਰੀਲੈਂਡ : ਚੜ੍ਹਦੀ ਕਲਾ ਕਲੱਬ ਵਲੋਂ ਕਰਵਾਏ ਗਏ ਹੈਲਥ ਸੈਮੀਨਾਰ

02/25/2020 12:30:32 PM

ਮੈਰੀਲੈਂਡ, (ਰਾਜ ਗੋਗਨਾ)— 'ਚੜ੍ਹਦੀ ਕਲਾ ਸਪੋਰਟਸ ਕਲੱਬ' ਦੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਲਈ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਧੁੰਮਾਂ ਮੈਟਰੋਪੁਲਿਟਨ ਏਰੀਏ ਵਿੱਚ ਕਾਫੀ ਪੈ ਚੁੱਕੀਆਂ ਹਨ। ਅਮੋਲਕ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇਸ ਸਾਲ ਦਾ ਦੂਸਰਾ ਹੈਲਥ ਸੈਮੀਨਾਰ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ ਕਰਵਾਇਆ ਗਿਆ।
ਸੈਮੀਨਾਰ ਦੀ ਰੂਪ ਰੇਖਾ ਬਾਰੇ ਸੰਖੇਪ ਜਾਣਕਾਰੀ ਨੌਜਵਾਨ ਆਗੂ ਅਮੋਲਕ ਸਿੰਘ ਕਾਹਲੋਂ ਨੇ ਦਿੱਤੀ। ਦੀਵਾਨ ਦੀ ਸਮਾਪਤੀ ਉਪਰੰਤ ਹੈਲਥ ਸਬੰਧੀ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਮਾਹਿਰਾਂ ਨੇ ਕੈਂਸਰ, ਸ਼ੂਗਰ, ਬੱਚਿਆਂ ਦੇ ਵੈਕਸੀਨੇਸ਼ਨ ਅਤੇ ਕਸਰਤ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ।
ਡਾ. ਹਰਵਿੰਦਰ ਸਿੰਘ ਮੈਰੀਲੈਂਡ ਯੂਨੀਵਰਸਿਟੀ ਮੈਡੀਕਲ ਸੈਂਟਰ ਤੋਂ ਆਏ ਸਨ, ਜਿਨ੍ਹਾਂ ਨੇ ਕੈਂਸਰ ਦੇ ਕਾਰਨਾਂ, ਸੁਵਿਧਾਵਾਂ ਅਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਨੇ ਬੱਚਿਆਂ ਦੇ ਟੀਕਾਕਰਣ, ਫਲੂਸ਼ਾਟ ਤੇ ਬੱਚਿਆਂ ਦੀਆਂ ਬੀਮਾਰੀਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ।

PunjabKesari
ਡਾ. ਹਰਮਿੰਦਰ ਕੌਰ ਨੇ ਸ਼ੂਗਰ ਦੇ ਕਾਰਨਾਂ ਅਤੇ ਇਸ ਦੇ ਇਲਾਜ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ। ਡਾ. ਹਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ-ਕੱਲ ਦੇ ਯੁੱਗ ਵਿੱਚ ਕਸਰਤ ਕਰਨੀ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ ਚੁਸਤ ਰਹਿੰਦਾ ਹੈ। ਸਾਡੇ ਸਰੀਰ ਦੇ ਸਾਰੇ ਅੰਗਾਂ ਦੀ ਕੰਮ ਕਰਨ ਦੀ ਸ਼ਕਤੀ ਵਧਦੀ ਹੈ।
ਸਵਾਲ-ਜਵਾਬ ਦੇ ਸੈਸ਼ਨ ਵਿੱਚ ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ, ਤੇਜਬੀਰ ਸਿੰਘ ਅਰੋੜਾ ਅਤੇ ਬੀਬੀਆਂ ਨੇ ਆਪਣੇ ਸ਼ੰਕੇ ਦੂਰ ਕੀਤੇ। ਹੈੱਡ ਗ੍ਰੰਥੀ ਸੁਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਹਰ ਤਿਮਾਹੀ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਮਨੁੱਖ ਨੂੰ ਆਪਣੇ ਸਰੀਰ ਸਬੰਧੀ ਗਿਆਨ ਪ੍ਰਾਪਤ ਹੁੰਦਾ ਰਹੇ। ਇਸ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਜਾਣਕਾਰੀ ਮਿਲਦੀ ਹੈ। ਮਹਿਤਾਬ ਸਿੰਘ ਕਾਹਲੋਂ ਜਿਨ੍ਹਾਂ ਨੇ ਇਸ ਹੈਲਥ ਸੈਮੀਨਾਰ ਨੂੰ ਕਰਵਾਉਣ ਲਈ ਆਪਣਾ ਯੋਗਦਾਨ ਪਾਇਆ, ਧੰਨਵਾਦ ਦੇ ਪਾਤਰ ਸਨ। ਸਟੇਜ ਸੰਚਾਲਨ ਦੀ ਸੇਵਾ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਨੇ ਬੜੀ ਬਾਖੂਬੀ ਨਾਲ ਨਿਭਾਈ।


Related News